ਭਲਕੇ ਬੰਗਲਾਦੇਸ਼ ਦੇ ਦੌਰੇ ’ਤੇ ਜਾਣਗੇ ਮੋਦੀ, ਕੋਰੋਨਾ ਮਹਾਮਾਰੀ ਤੋਂ ਬਾਅਦ ਹੋਵੇਗੀ ਪਹਿਲੀ ਵਿਦੇਸ਼ ਯਾਤਰਾ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ 26 ਅਤੇ 27 ਮਾਰਚ ਨੂੰ ਬੰਗਲਾਦੇਸ਼ ਦੇ ਦੌਰੇ ’ਤੇ ਜਾਣਗੇ। ਗਲੋਬਲ ਕੋਵਿਡ-19 ਆਫ਼ਤ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਹ ਪਹਿਲੀ ਵਿਦੇਸ਼ ਯਾਤਰਾ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੰਗਲਾਦੇਸ਼ ਦੇ ਰਾਸ਼ਟਰੀ ਦਿਵਸ ਪ੍ਰੋਗਰਾਮ ’ਚ ਸ਼ਾਮਲ ਹੋਣਗੇ।
ਆਪਣੇ ਦੋ ਦਿਨਾ ਬੰਗਲਾਦੇਸ਼ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ, ਬੰਗਲਾਦੇਸ਼ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਦੇ ਨਾਲ ਹੀ ਆਪਣੇ ਹਮਰੁਤਬਾ ਸ਼ੇਖ ਹਸੀਨਾ ਨਾਲ ਵੀ ਬੈਠਕ ਕਰਨਗੇ। ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰੀਂਗਲਾ ਨੇ ਕਿਹਾ ਕਿ ਬੰਗਲਾਦੇਸ਼ ਨਾਲ ਸਾਡੇ ਸਬੰਧਾਂ ’ਚ ਸੁਰੱਖਿਆ ਅਤੇ ਹਿਫਾਜ਼ਤ ਇਕ ਅਹਿਮ ਹਿੱਸਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਯਾਤਰਾ ਦੌਰਾਨ ਕਈ ਖੇਤਰਾਂ ’ਚ ਸਹਿਯੋਗ ਲਈ ਨਵੇਂ ਸਮਝੌਤੇ ’ਤੇ ਦਸਤਖ਼ਤ ਵੀ ਕੀਤੇ ਜਾਣਗੇ।
ਵਿਦੇਸ਼ ਸਕੱਤਰ ਨੇ ਦੱਸਿਆ ਇਕ ਇਸ ਦੌਰਾਨ ਜਲ ਪ੍ਰਬੰਧਨ, ਸੁਰੱਖਿਆ, ਸੀਮਾ ਪ੍ਰਬੰਧਨ ਅਤੇ ਰੇਲ ਸੰਪਰਕ ਵਰਗੇ ਮੁੱਦਿਆਂ ’ਤੇ ਚਰਚਾ ਹੋਵੇਗੀ। ਉਨ੍ਹਾਂ ਦੱਸਿਆ ਕਿ ਬੰਗਲਾਦੇਸ਼ ਨਾਲ ਭਾਰਤ ਦੇ ਰਿਸ਼ਤਿਆਂ ’ਚ ਸੁਰੱਖਿਆ ਇਕ ਖ਼ਾਸ ਹਿੱਸਾ ਹੈ। ਹਾਲ ਹੀ ਵਿਚ ਭਾਰਤ ਨੇ ਬੰਗਲਾਦੇਸ਼ ਨਾਲ ਰੱਖਿਆ ਸਹਿਯੋਗ ਸਮਝੌਤਿਆਂ ’ਤੇ ਦਸਤਖ਼ਤ ਕੀਤੇ ਹਨ। ਵਿਦੇਸ਼ ਸਕੱਤਰ ਨੇ ਕਿਹਾ ਕਿ ਦੋ ਦਿਨਾ ਯਾਤਰਾ ਕਾਫੀ ਮਹੱਤਵਪੂਰਨ ਹੋਵੇਗੀ। ਇਹ ਸਾਡੇ ਦੋ-ਪੱਖੀ ਸਬੰਧਾਂ ਨੂੰ ਹੋਰ ਵੀ ਮਜ਼ਬੂਤ ਕਰਨ ਦਾ ਕੰਮ ਕਰੇਗੀ।