ਅਕਾਲੀ ਦਲ ਬਾਦਲ ਹੀ ਪੰਜਾਬ ਦੇ ਲੋਕਾਂ ਦੀ ਸੱਚੀ ਹਮਦਰਦ ਪਾਰਟੀ: ਮਜੀਠੀਆ

ਜ਼ੀਰਾ : ਅਕਾਲੀ ਦਲ ਬਾਦਲ ਹੀ ਪੰਜਾਬ ਦੇ ਲੋਕਾਂ ਦੀ ਸੱਚੀ ਹਮਦਰਦ ਪਾਰਟੀ ਹੈ ਅਤੇ ਇਸੇ ਪਾਰਟੀ ਨੇ ਹੀ ਹੁਣ ਤਕ ਆਪਣੇ ਕਾਰਜਕਾਲ ਦੌਰਾਨ ਪੰਜਾਬ ਦੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਹਲਕਾ ਜ਼ੀਰਾ ਦੇ ਇੰਚਾਰਜ ਜਥੇਦਾਰ ਅਵਤਾਰ ਸਿੰਘ ਜ਼ੀਰਾ ਦੇ ਸਹੁਰਾ ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਦੇ ਅਕਾਲ ਚਲਾਣਾ ਕਰ ਜਾਣ ਤੇ ਦੁੱਖ ਸਾਂਝਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਰਹਿਨੁਮਾਈ ਹੇਠ ਜਦੋਂ-ਜਦੋਂ ਵੀ ਅਕਾਲੀ ਦਲ ਬਾਦਲ ਦੀ ਸਰਕਾਰ ਪੰਜਾਬ ਵਿੱਚ ਬਣੀ ਤਾਂ ਕਿਸਾਨਾਂ ਨੂੰ ਪਾਣੀ ਦੀ ਸਿੰਚਾਈ ਲਈ ਨਹਿਰਾਂ ਅਤੇ ਕੱਸੀਆਂ, ਮੋਟਰਾਂ ਦੇ ਬਿੱਲ ਮੁਆਫ,ਪਿੰਡਾਂ ਵਿੱਚ ਫੋਕਲ ਪੁਆਇੰਟ,ਕਿਸਾਨਾਂ ਨੂੰ ਜਿਣਸਾਂ ਦੇ ਵਾਜਬ ਰੇਟ , ਗਰੀਬ ਅਤੇ ਪਿਛੜੇ ਵਰਗ ਦੇ ਲੋਕਾਂ ਲਈ ਸ਼ਗਨ ਸਕੀਮ,ਆਟਾ ਦਾਲ ਸਕੀਮ,ਪੈਨਸ਼ਨ ਅਤੇ ਹੋਰ ਕਈ ਸਹੂਲਤਾਂ ਲੈ ਕੇ ਆਏ ਜਿਨ੍ਹਾਂ ਨੂੰ ਅੱਜ ਵੀ ਪੰਜਾਬ ਦੇ ਲੋਕ ਯਾਦ ਕਰਦੇ ਹਨ।
ਉਨ੍ਹਾਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਪਾਰਟੀਆਂ ਪੰਜਾਬ ਦੇ ਲੋਕਾਂ ਨੂੰ ਤਰ੍ਹਾਂ-ਤਰ੍ਹਾਂ ਦੇ ਸਬਜ਼ਬਾਗ ਵਿਖਾ ਕੇ ਵਰਗਲਾਉਣਾ ਚਾਹੁੰਦੀਆਂ ਹਨ ਪਰ ਪੰਜਾਬ ਦੇ ਸੂਝਵਾਨ ਲੋਕ ਅਗਲੇ ਸਾਲ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਨ੍ਹਾਂ ਦੋਵਾਂ ਪਾਰਟੀਆਂ ਨੂੰ ਹੀ ਮੂੰਹ ਨਹੀਂ ਲਗਾਉਣਗੇ।ਇਸ ਮੌਕੇ ਜਸਵਿੰਦਰ ਕੌਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਜ਼ਰ ਸਨ।