ਹੁਣ ਬਿਨਾਂ ਸਰਟੀਫਿਕੇਟ ਦੇ ਵੀ ਕੋਰੋਨਾ ਵੈਕਸਿਨ ਲਗਵਾ ਸਕਣਗੇ ਇਸ ਉਮਰ ਦੇ ਲੋਕ

ਜਲੰਧਰ — ਹੁਣ 45 ਤੋਂ ਲੈ ਕੇ 59 ਸਾਲ ਦੇ ਉਨ੍ਹਾਂ ਲੋਕਾਂ ਨੂੰ (ਜਿਨ੍ਹਾਂ ਨੂੰ ਸ਼ੂਗਰ, ਬਲੱਡ ਪ੍ਰੈਸ਼ਰ ਜਾਂ ਕੋਈ ਹੋਰ ਗੰਭੀਰ ਬੀਮਾਰੀ ਹੈ) ਕੋਰੋਨਾ ਵੈਕਸਿਨ ਲਗਵਾਉਣ ਲਈ ਕਿਸੇ ਵੀ ਵਿਸ਼ੇਸ਼ ਸਰਟੀਫਿਕੇਟ ਦੀ ਲੋੜ ਨਹੀਂ ਹੈ।
ਡਾਇਰੈਕਟਰ ਹੈਲਥ ਐਂਡ ਫੈਮਿਲੀ ਵੈੱਲਫੇਅਰ ਪੰਜਾਬ ਵੱਲੋਂ 20 ਮਾਰਚ ਨੂੰ ਸੂਬੇ ਦੇ ਸਾਰੇ ਸਿਵਲ ਸਰਜਨਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜੇਕਰ ਕੋਈ 45 ਤੋਂ ਲੈ ਕੇ 59 ਸਾਲ ਤੱਕ ਦਾ ਅਜਿਹਾ ਵਿਅਕਤੀ, ਜਿਸ ਨੂੰ ਸ਼ੂਗਰ, ਬਲੱਡ ਪ੍ਰੈਸ਼ਰ ਜਾਂ ਫਿਰ ਹੋਰ ਕੋਈ ਗੰਭੀਰ ਬੀਮਾਰੀ ਹੈ, ਕੋਵਿਡ-19 ਵੈਕਸੀਨੇਸ਼ਨ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਨੂੰ ਸਿਰਫ਼ ਉਸ ਦੇ ਇਲਾਜ ਦੀ ਪਰਚੀ ਵੇਖ ਕੇ ਵੈਕਸੀਨ ਲਗਾ ਦਿੱਤੀ ਜਾਵੇ ਅਤੇ ਉਸ ਕੋਲੋਂ ਕੋਈ ਵੀ ਸਰਟੀਫਿਕੇਟ ਨਾ ਮੰਗਿਆ ਜਾਵੇ। ਇਹ ਨਿਰਦੇਸ਼ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਕੋਵਿਡ-19 ਵੈਕਸੀਨੇਸ਼ਨ ਸੈਂਟਰਾਂ ’ਚ ਲਾਜ਼ਮੀ ਹੋਣਗੇ।
ਜ਼ਿਕਰਯੋਗ ਹੈ ਕਿ ਪਹਿਲਾਂ 45 ਤੋਂ 59 ਸਾਲ ਦਾ ਕੋਈ ਵੀ ਅਜਿਹਾ ਵਿਅਕਤੀ, ਜਿਸ ਨੂੰ ਸ਼ੂਗਰ, ਬਲੱਡ ਪ੍ਰੈਸ਼ਰ ਵਰਗੀ ਕੋਈ ਗੰਭੀਰ ਬੀਮਾਰੀ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ ਤਾਂ ਵੈਕਸੀਨੇਸ਼ਨ ਦੇ ਸਮੇਂ ਉਸ ਕੋਲੋਂ ਇਕ ਵਿਸ਼ੇਸ਼ ਸਰਟੀਫਿਕੇਟ ਦੀ ਡਿਮਾਂਡ ਕੀਤੀ ਜਾਂਦੀ ਸੀ।