ਬਰਗਾੜੀ ਕਾਂਡ ਦੇ ਦੋਸ਼ੀ ਜਲਦ ਹੋਣਗੇ ਬੇਨਕਾਬ, ਹੋਵੇਗੀ ਸਖ਼ਤ ਕਾਰਵਾਈ : ਜਾਖੜ

ਗੋਰਾਇਆ- ਪਦਮ ਵਿਭੂਸ਼ਨ ਸ਼੍ਰੋਮਣੀ ਵੈਦ ਬ੍ਰਹਿਸਪਤੀ ਦੇਵ ਤ੍ਰਿਗੁਣਾ ਜੀ ਦੇ ਨਾਂ ’ਤੇ ਬੜਾ ਪਿੰਡ ਵਿਖੇ ਨਵੀਂ ਖੋਲ੍ਹੀ ਗਈ ਆਯੁਰਵੈਦਿਕ ਡਿਸਪੈਂਸਰੀ ਦਾ ਉਦਘਾਟਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਕੀਤਾ ਗਿਆ। ਦਿੱਲੀ ਵਿਖੇ ਰਹਿੰਦੇ ਵੈਦ ਬ੍ਰਹਿਸਪਤੀ ਦੇਵ ਤ੍ਰਿਗੁਣਾ ਜੀ ਦੇ ਪਰਿਵਾਰ ਵੱਲੋਂ ਇਥੇ ਆਪਣੇ ਜੱਦੀ ਘਰ ਨੂੰ ਇਸ ਡਿਸਪੈਂਸਰੀ ਲਈ ਦਾਨ ਕੀਤਾ ਗਿਆ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਅੱਜ ਪ੍ਰਾਈਵੇਟ ਹਸਪਤਾਲਾਂ ’ਚ ਇਲਾਜ ਕਰਵਾਉਣਾ ਆਮ ਲੋਕਾਂ ਲਈ ਮਹਿੰਗਾ ਹੋ ਗਿਆ ਹੈ। ਇਸ ਲਈ ਅਜਿਹੇ ਪੁਰਾਤਨ ਇਲਾਜ ਵਾਲੀ ਡਿਸਪੈਂਸਰੀ ਪਿੰਡ ਅੰਦਰ ਖੋਲ੍ਹਣਾ ਇਕ ਸ਼ਲਾਘਾਯੋਗ ਕਦਮ ਹੈ। ਉਨ੍ਹਾਂ ਨੇ ਵਿਦੇਸ਼ਾਂ ’ਚ ਵੱਸਦੇ ਪ੍ਰਵਾਸੀ ਭਾਰਤੀਆਂ ਦੀ ਸਿਫ਼ਤ ਕਰਦੇ ਹੋਏ ਕਿਹਾ ਕਿ ਦੋਆਬੇ ਦੇ ਲੋਕ ਵਿਦੇਸ਼ਾਂ ’ਚ ਰਹਿ ਕੇ ਵੀ ਆਪਣੇ ਪਿੰਡਾਂ ਦੇ ਵਿਕਾਸ ਅਤੇ ਲੋਕਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੇ ਹਨ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਉਮੀਦਵਾਰ ਐਲਾਨੇ ਜਾਣ ਦੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਸੂਬੇ ਦੇ ਲੋਕਾਂ ਨੂੰ ਇਹ ਦੱਸੇ ਕਿ ਨਵੇਂ ਖੇਤੀ ਕਾਨੂੰਨ ਪਾਸ ਕਰਵਾਉਣ ’ਚ ਸ਼੍ਰੋਮਣੀ ਅਕਾਲੀ ਦਲ (ਬ) ਦਾ ਅਹਿਮ ਰੋਲ ਕਿਉਂ ਰਿਹਾ ਹੈ। ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਨਵੇਂ ਖੇਤੀ ਕਾਨੂੰਨਾਂ ’ਤੇ ਸਹਿਮਤੀ ਕਿਉਂ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਪਹਿਲਾਂ ਪੰਥ ਦੀ ਪਿੱਠ ’ਚ ਛੁਰਾ ਮਾਰਿਆ, ਹੁਣ ਕਿਸਾਨਾਂ ਨੂੰ ਸੜਕਾਂ ’ਤੇ ਰਾਤਾਂ ਕੱਟਣ ਲਈ ਮਜ਼ਬੂਰ ਕਰ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਬਰਗਾੜੀ ਕਾਂਡ ਦੇ ਦੋਸ਼ੀ ਜਲਦ ਬੇਨਕਾਬ ਹੋਣਗੇ, ਜਿਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਹੇਮਰਾਜ ਸ਼ਰਮਾ, ਵੈਦ ਦੇਵੇਂਦਰ ਤ੍ਰਿਗੁਣਾ ਪਦਮਭੂਸ਼ਣ, ਰਤਨੇਸ਼ ਸ਼ਰਮਾ, ਅਨਿਲ ਭਾਰਦਵਾਜ, ਹਰਫੂਲ ਸੂਦ, ਸਰਵਣ ਸਿੰਘ ਸਾਬਕਾ ਸਰਪੰਚ, ਰਾਜੇਸ਼ ਕੁਮਾਰ, ਕਮਲ ਆਦਿ ਹਾਜ਼ਰ ਸਨ।