ਗੋਏਅਰ ਨੇ ਸ਼੍ਰੀਨਗਰ ਤੋਂ ਦਿੱਲੀ ਦੀ ਰਾਤ ਦੀ ਉਡਾਣ ਸੇਵਾ ਸ਼ੁਰੂ ਕੀਤੀ

ਮੁੰਬਈ– ਰਿਆਇਤੀ ਸੇਵਾਵਾਂ ਦੇਣ ਵਾਲੀ ਏਅਰਲਾਈਨ ਗੋਏਅਰ ਨੇ ਸ਼੍ਰੀਨਗਰ ਤੋਂ ਦਿੱਲੀ ਲਈ ਰੋਜ਼ਾਨਾ ਰਾਤ ਦੀ ਉਡਾਣ ਸੇਵਾ ਸ਼ੁਰੂ ਕੀਤੀ ਹੈ। ਅਜਿਹਾ ਕਰਨ ਵਾਲੀ ਗੋਏਅਰ ਪਹਿਲੀ ਏਅਰਲਾਈਨ ਹੈ। ਏਅਰਲਾਈਨ ਨੇ ਕਿਹਾ ਕਿ ਇਹ ਉਡਾਣ ਸੇਵਾ ਸ਼ੁੱਕਰਵਾਰ ਨੂੰ ਸ਼ੁਰੂ ਹੋਈ। ਬਿਆਨ ’ਚ ਕਿਹਾ ਗਿਆ ਹੈ ਕਿ ਗੋਏਅਰ ਸ਼੍ਰੀਨਗਰ ਤੋਂ ਅਨੁਸੂਚਿਤ ਉਡਾਣ ਦੀ ਆਪ੍ਰੇਟਿੰਗ ਕਰੇਗੀ। ਇਹ ਉਡਾਣ ਰੋਜ਼ਾਨਾ ਰਾਤ 8.30 ਵਜੇ ਰਵਾਨਾ ਹੋਵੇਗੀ। ਗੋਏਅਰ ਸ਼੍ਰੀਨਗਰ ਤੋਂ ਅਤੇ ਸ਼੍ਰੀਨਗਰ ਲਈ ਸਵੇਰ ਦੀਆਂ ਉਡਾਣਾਂ ਸ਼ੁਰੂ ਕਰਨ ਵਾਲੀ ਵੀ ਪਹਿਲੀ ਏਅਰਲਾਈਨ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਸ਼੍ਰੀਨਗਰ ਤੋਂ ਪਹਿਲੀ ਰਾਤ ਦੀ ਉਡਾਣ ਇਕ ਨਵੇਂ ਦੌਰ ਦੀ ਸ਼ੁਰੂਆਤ ਹੈ।
ਗੋਏਅਰ ਭਾਰਤ ’ਚ ਕਈ ਹਵਾਈ ਅੱਡਿਆਂ ਤੋਂ ਸ਼੍ਰੀਨਗਰ, ਜੰਮੂ ਅਤੇ ਲੇਹ ਲਈ ਸੰਪਰਕ ਉਪਲਬਧ ਕਰਵਾ ਰਹੀ ਹੈ। ਗੋਏਅਰ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਕੌਸ਼ਿਕ ਖੋਨਾ ਨੇ ਕਿਹਾ ਕਿ ਏਅਰਲਾਈਨ ਸ਼੍ਰੀਨਗਰ ਤੋਂ ਅਤੇ ਸ਼੍ਰੀਨਗਰ ਲਈ ਰੋਜ਼ਾਨਾ ਉਡਾਣਾਂ ਦਾ ਵਿਸਥਾਰ ਕਰ ਕੇ ਸੰਘ ਸ਼ਾਸਿਤ ਪ੍ਰਦੇਸ਼ਾਂ ਜੰਮੂ-ਕਸ਼ਮੀਰ ਅਤੇ ਲੱਦਾਖ ਦੇ ਨੈੱਟਵਰਕ ਨੂੰ ਮਜ਼ਬੂਤ ਕਰੇਗੀ।