ਅਨੁਰਾਗ ਠਾਕੁਰ ਨੇ ED ਦੇ ਅਧਿਕਾਰੀਆਂ ਵਿਰੁੱਧ ਕੇਸ ਦਰਜ ਹੋਣ ‘ਤੇ ਕੇਰਲ ਸਰਕਾਰ ਦੀ ਕੀਤੀ ਨਿੰਦਾ

ਤਿਰੁਅਨੰਤਪੁਰਮ- ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਸੋਨਾ ਤਸਕਰੀ ਮਾਮਲੇ ਦੀ ਜਾਂਚ ਕਰ ਰਹੇ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀਆਂ ਵਿਰੁੱਧ ਮਾਮਲਾ ਦਰਜ ਕਰਨ ਲਈ ਕੇਰਲ ‘ਚ ਮਾਕਪਾ ਦੀ ਅਗਵਾਈ ਵਾਲੀ ਐੱਲ.ਡੀ.ਐੱਫ. ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਜਾਂਚ ‘ਚ ਪ੍ਰਭਾਵਿਤ ਕਰਨ ਦੇ ਇਸ ਤਰ੍ਹਾਂ ਦੀ ਕੋਈ ਵੀ ਕੋਸ਼ਿਸ਼ ਸਪੱਸ਼ਟ ਰੂਪ ਨਾਲ ਦਿਖਾਉਂਦੀ ਹੈ ਕਿ ਉਨ੍ਹਾਂ ਨੂੰ ਕਿਸ ਗੱਲ ਤੋਂ ਪਰੇਸ਼ਾਨੀ ਹੋ ਰਹੀ ਹੈ। ਠਾਕੁਰ ਨੇ ਕਿਹਾ,”ਜੇਕਰ ਉਹ ਈ.ਡੀ. ਦੇ ਅਧਿਕਾਰੀਆਂ ਵਿਰੁੱਧ ਪੁਲਸ ‘ਚ ਮਾਮਲਾ ਦਰਜ ਕਰਵਾ ਕੇ ਜਾਂਚ ਦੀ ਤੇਜ਼ੀ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ ਤਾਂ ਇਹ ਸਪੱਸ਼ਟ ਦਿਖਾਉਂਦਾ ਹੈ ਕਿ ਉਨ੍ਹਾਂ ਨੂੰ ਕਿਹੜੀ ਗੱਲ ਪਰੇਸ਼ਾਨ ਕਰ ਰਹੀ ਹੈ।”
ਕੇਂਦਰੀ ਮੰਤਰੀ ਨੇ ਕਿਹਾ,”ਉਹ ਇਨ੍ਹਾਂ ਅਧਿਕਾਰੀਆਂ ਦੇ ਪ੍ਰਸ਼ਨਾਂ ਦੇ ਉੱਤਰ ਨਹੀਂ ਦੇ ਪਾ ਰਹੇ ਹਨ।” ਦਰਅਸਲ ਕੇਰਲ ਪੁਲਸ ਨੇ ਸੋਨੇ ਦੀ ਤਸਕਰੀ ਮਾਮਲੇ ਦੀ ਮੁੱਖ ਦੋਸ਼ੀ ਸਵਪਨਾ ਸੁਰੇਸ਼ ‘ਤੇ ਕਥਿਤ ਤੌਰ ‘ਤੇ ਮੁੱਖ ਮੰਤਰੀ ਪਿਨਰਾਈ ਵਿਜਯਨ ਵਿਰੁੱਧ ਬਿਆਨ ਦੇਣ ਦਾ ਦਬਾਅ ਬਣਾਉਣ ਲਈ ਈ.ਡੀ. ਦੇ ਅਧਿਕਾਰੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਸੂਬੇ ‘ਚ 6 ਅਪ੍ਰੈਲ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਭਾਜਪਾ-ਰਾਜਗ ਦੇ ਉਮੀਦਵਾਰ ਦੇ ਪੱਖ ‘ਚ ਚੋਣ ਪ੍ਰਚਾਰ ਕਰਨ ਲਈ ਠਾਕੁਰ ਕੇਰਲ ‘ਚ ਹਨ ਅਤੇ ਉਨ੍ਹਾਂ ਨੇ ਪ੍ਰਸ਼ਨ ਕੀਤਾ ਕਿ ਕਿਸ ਦੇ ਨਿਰਦੇਸ਼ ‘ਤੇ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਕਿਹਾ,”ਭ੍ਰਿਸ਼ਟਾਚਾਰ ਖੱਬੇ ਪੱਖੀ ਸਰਕਾਰ ਦਾ ਹਾਲਮਾਰਕ ਹੈ ਅਤੇ ਇਸ ਸੰਬੰਧ ‘ਚ ਸਭ ਤੋਂ ਵੱਡਾ ਪ੍ਰਸ਼ਨ ਇਹ ਹੈ ਕਿ ਕੌਣ ਡਰਿਆ ਹੈ।” ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਧਿਕਾਰੀ ਜਾਂਚ ਤੋਂ ਬਾਅਦ ਨਾਮ ਦਾ ਖੁਲਾਸਾ ਕਰਨਗੇ ਪਰ ਕੇਰਲ ਦੀ ਜਨਤਾ ਜਾਣਦੀ ਹੈ ਕਿ ਇਸ ਮਾਮਲੇ ‘ਚ ਕੌਣ ਸ਼ਾਮਲ ਹੈ। ਦੱਸਣਯੋਗ ਹੈ ਕਿ ਯੂ.ਏ.ਈ. ਵਣਜ ਦੂਤਘਰ ਦੀ ਸਾਬਕਾ ਕਰਮੀ ਸੁਰੇਸ਼, ਸੋਨੇ ਦੀ ਤਸਕਰੀ ਦੇ ਮਾਮਲੇ ਦੀ ਮੁੱਖ ਦੋਸ਼ੀ ਹੈ ਅਤੇ ਫਿਲਹਾਲ ਨਿਆਇਕ ਹਿਰਾਸਤ ‘ਚ ਹੈ।