ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਨਾਈਟ ਕਰਫਿਊ ਦੇ ਹੁਕਮ ਜਾਰੀਸ੍ਰੀ

ਮੁਕਤਸਰ ਸਾਹਿਬ : ਜ਼ਿਲ੍ਹੇ ’ਚ ਵਧ ਰਹੇ ਕੋਰੋਨਾ ਕੇਸਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਅਰਵਿੰਦਰਪਾਲ ਸਿੰਘ ਨੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਵੀ ਰਾਤ ਦੇ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ। ਡਿਪਟੀ ਕਮਿਸ਼ਨਰ ਨੇ ਪੱਤਰ ਜਾਰੀ ਕਰਦਿਆਂ ਲਿਖਿਆ ਕਿ ਜ਼ਿਲ੍ਹੇ ਦੀ ਹਦੂਦ ਅੰਦਰ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਰਹੇਗਾ। ਵਰਨਣਯੋਗ ਹੈ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਇਸ ਸਮੇਂ ਕੋਰੋਨਾ ਦੇ 56 ਐਕਟਿਵ ਕੇਸ ਹਨ।
ਦੱਸ ਦੇਈਏ ਕਿ ਦੇਸ਼ ਦੇ ਜਿਨ੍ਹਾਂ 6 ਸੂਬਿਆਂ ’ਚ ਤੇਜ਼ੀ ਨਾਲ ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਫੈਲ ਰਹੀ ਹੈ, ਉਨ੍ਹਾਂ ’ਚ ਪੰਜਾਬ ਵੀ ਸ਼ਾਮਲ ਹੈ। ਪੰਜਾਬ ’ਚ ਪਿਛਲੇ 24 ਘੰਟਿਆਂ ’ਚ 1309 ਨਵੇਂ ਮਾਮਲੇ ਸਾਹਮਣੇ ਆਏ ਹਨ। ਉੱਥੇ ਹੀ ਕੱਲ 18 ਲੋਕਾਂ ਦੀ ਕੋਰੋਨਾ ਕਾਰਨ ਮੌਤ ਵੀ ਹੋ ਗਈ ਹੈ। ਵਧਦੇ ਕੋਰੋਨਾ ਮਾਮਲਿਆਂ ’ਚ ਹੁਣ ਤੱਕ 6 ਜ਼ਿਲ੍ਹਿਆਂ ’ਚ ਨਾਈਟ ਕਰਫਿਊ ਲਾਗੂ ਕੀਤਾ ਗਿਆ ਹੈ, ਜਿਨ੍ਹਾਂ ’ਚ ਪਟਿਆਲਾ, ਲੁਧਿਆਣਾ, ਜਲੰਧਰ, ਨਵਾਂਸ਼ਹਿਰ, ਹੁਸ਼ਿਆਰਪੁਰ ਅਤੇ ਕਪੂਰਥਲਾ ਸ਼ਾਮਲ ਹਨ।
ਇਨ੍ਹਾਂ ਜ਼ਿਲ੍ਹਿਆਂ ਦੇ ਡੀ. ਸੀ. ਵਲੋਂ ਇਹ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਕੋਰੋਨਾ ਲਾਗ ਦੀ ਬੀਮਾਰੀ ਅਜੇ ਖ਼ਤਮ ਨਹੀਂ ਹੋਈ ਹੈ। ਇਸ ਕਾਰਨ ਇਨ੍ਹਾਂ ਜ਼ਿਲ੍ਹਿਆਂ ’ਚ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਲਗਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਵੇਲੇ ਪ੍ਰਭਾਵਿਤਾਂ ਦੇ ਸੰਪਰਕ ਦਾ ਪਤਾ ਲਾਉਣ ’ਚ ਕਮੀ, ਕੋਵਿਡ-19 ਸਬੰਧੀ ਢੁਕਵੇਂ ਤੌਰ-ਤਰੀਕੇ ਨਾ ਅਪਣਾਉਣ, ਭਾਰੀ ਭੀੜ ਆਦਿ ਇਸ ਦੇ ਪ੍ਰਮੁੱਖ ਕਾਰਣ ਹਨ।