ਭਗਵੰਤ ਮਾਨ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਲੋਕਾਂ ਨੂੰ ਕਰ ਰਹੇ ਹਨ ਗੁੰਮਰਾਹ: ਵਿਜੈਇੰਦਰ ਸਿੰਗਲਾ

ਸੰਗਰੂਰ : ਸਕੂਲ ਸਿੱਖਿਆ ਅਤੇ ਲੋਕ ਨਿਰਰੀ ਪੰਜਾਬ ਵਿਜੈਇੰਦਰ ਸਿੰਗਲਾ ਨੇ ਆਮ ਆਦਮੀ ਪਾਰਟੀ ਦੇ ਆਗੂ ਭਗਵੰਤ ਮਾਨ ’ਤੇ ਵਰ੍ਹਦਿਆਂ ਕਿਹਾ ਕਿ ਮਾਨ ਆਪਣੇ ਸੌੜੇ ਸਿਆਸੀ ਹਿੱਤਾਂ ਲਈ ਸੰਗਰੂਰ ਹਲਕੇ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਅਤੇ ਆਪਣੀਆਂ ਕੋਝੀਆਂ ਚਾਲਾਂ ਨਾਲ ਭੋਲੇ-ਭਾਲੇ ਲੋਕਾਂ ਦਾ ਵੱਡਾ ਨੁਕਸਾਨ ਕਰਨ ’ਤੇ ਉਤਾਰੂ ਹਨ। ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਇਲਾਕੇ ਦੇ ਲੋਕਾਂ ਦੀ ਮੰਗ ’ਤੇ ਸੰਗਰੂਰ ਨੂੰ ਮੈਡੀਕਲ ਹੱਬ ਵਜੋਂ ਵਿਕਸਿਤ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਜਿਸ ਤਹਿਤ ਹੀ ਵਿਧਾਨ ਸਭਾ ਹਲਕਾ ਸੰਗਰੂਰ ’ਚ ਮੈਡੀਕਲ ਕਾਲਜ ਬਣਾਉਣ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਵਿਜੈਇੰਦਰ ਸਿੰਗਲਾ ਨੇ ਦੱਸਿਆ ਕਿ ਮੈਡੀਕਲ ਕਾਲਜ ਹੋਂਦ ਵਿਚ ਆਉਣ ਨਾਲ ਇਲਾਕੇ ਦੇ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ ਕਿਉਂਕਿ ਉਨ੍ਹਾਂ ਦੇ ਆਪਣੇ ਬੱਚੇ ਉਨ੍ਹਾਂ ਦੇ ਨੇੜੇ ਹੀ ਰਹਿ ਕੇ ਹੀ ਡਾਕਟਰੀ ਦੀ ਪੜ੍ਹਾਈ ਕਰ ਸਕਣਗੇ ਜਿਸ ਲਈ ਹੁਣ ਉਨ੍ਹਾਂ ਨੂੰ ਦੂਰ-ਦੁਰਾਡੇ ਜਾਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਬਣਨ ਨਾਲ ਸਿਵਲ ਹਸਪਤਾਲ ਸੰਗਰੂਰ ਵਿਖੇ ਮਿਲਣ ਵਾਲੀਆਂ ਮੈਡੀਕਲ ਸਹੂਲਤਾਂ ਵਿਚ ਵੀ ਸੁਧਾਰ ਹੋਵੇਗਾ ਅਤੇ ਸਪੈਸ਼ਲਿਸਟ ਡਾਕਟਰ ਵੀ ਉਪਲਬਧ ਹੋਣਗੇ। ਉਨ੍ਹਾਂ ਕਿਹਾ ਕਿ ਜੇਕਰ ਇਲਾਕੇ ਵਿਚ ਮੈਡੀਕਲ ਕਾਲਜ ਹੋਵੇਗਾ ਤਾਂ ਇਲਾਕੇ ਨਾਲ ਸਬੰਧਤ ਬਿਮਾਰੀਆਂ ’ਤੇ ਵੀ ਚੰਗੀ ਖੋਜ ਹੋਵੇਗੀ ਜਿਸਦਾ ਫਾਇਦਾ ਮਰੀਜ਼ਾਂ ਦੇ ਇਲਾਜ ਮੌਕੇ ਹੋਵੇਗਾ।
ਸਿੰਗਲਾ ਨੇ ਆਮ ਆਦਮੀ ਪਾਰਟੀ ’ਤੇ ਇੱਕ ਵਾਰ ਮੁੜ ਵਰ੍ਹਦਿਆਂ ਕਿਹਾ ਕਿ ਇਨ੍ਹਾਂ ਦੇ ਸਾਰੇ ਆਗੂ ਝੂਠ ਬੋਲਣ ਤੇ ਝੂਠ ਫੈਲਾਉਣ ਨੂੰ ਹੀ ਤਰਜੀਹ ਦਿੰਦੇ ਹਨ ਅਤੇ ਉਨ੍ਹਾਂ ਦੀ ਰਾਜਨੀਤੀ ਵੀ ਝੂਠ ’ਤੇ ਹੀ ਆਧਾਰਿਤ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਲੋਕ ਪੱਖੀ ਕੰਮ ਰੁਕਵਾਉਣ ਵਿਚ ਮਾਹਿਰ ਹਨ ਜਦਕਿ ਹਲਕੇ ਵਿਚ ਉਨ੍ਹਾਂ ਵੱਲੋਂ ਕਰਵਾਇਆ ਗਿਆ ਕੋਈ ਵੀ ਵਿਕਾਸ ਲੋਕਾਂ ਨੂੰ ਨਜ਼ਰੀਂ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਸੰਗਰੂਰ ਹਲਕੇ ਵਿਚ ਬਣਨ ਵਾਲਾ ਕਾਲਜ ਪੂਰੀ ਤਰ੍ਹਾਂ ਪੰਜਾਬ ਸਰਕਾਰ ਦੇ ਅਧੀਨ ਹੀ ਹੋਵੇਗਾ ਅਤੇ ਕਿਸੇ ਵੀ ਵਿਅਕਤੀ ਨੂੰ ਇਸ ਵਿਚ ਆਪਣੀ ਮਨਮਰਜ਼ੀ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੈਡੀਕਲ ਕਾਲਜ ਲਿਆਉਣ ਦਾ ਇੱਕੋ-ਇੱਕ ਮਨੋਰਥ ਸੰਗਰੂਰ ਹਲਕੇ ਦੇ ਲੋਕਾਂ ਦੀ ਭਲਾਈ ਹੈ।