ਕੋਰੋਨਾ ਨਾਲ 66 ਸਾਲਾ ਵਿਅਕਤੀ ਦੀ ਮੌਤ,7 ਨਵੇਂ ਮਾਮਲੇ ਸਾਹਮਣੇ

ਬਠਿੰਡਾ : ਸ਼ਨੀਵਾਰ ਨੂੰ ਇਕ ਕੋਰੋਨਾ ਪਾਜ਼ੇਟਿਵ ਵਿਅਕਤੀ ਦੀ ਨਿੱਜੀ ਹਸਪਤਾਲ ’ਚ ਮੌਤ ਹੋ ਗਈ, ਜਦਕਿ 7 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ 25 ਲੋਕਾਂ ਦੀ ਕੋਰੋਨਾ ਟੈਸਟ ਰਿਪੋਰਟ ਨੈਗੇਟਿਵ ਆਈ ਹੈ। ਜਾਣਕਾਰੀ ਅਨੁਸਾਰ ਬੁਰਜ ਮਹਿਮਾ ਵਾਸੀ 66 ਸਾਲਾ ਵਿਅਕਤੀ ਦੀ 9 ਮਾਰਚ ਨੂੰ ਕੋਰੋਨਾ ਪਾਜ਼ੇਟਿਵ ਰਿਪੋਰਟ ਆਈ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਲੋਂ ਬਠਿੰਡਾ ਦੇ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਸ਼ਨੀਵਾਰ ਨੂੰ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਦੇ ਵਰਕਰ ਰਜਿੰਦਰ ਕੁਮਾਰ, ਸਿਮਰ ਕੁਮਾਰ, ਸੰਦੀਪ ਗਿੱਲ, ਜੱਗਾ ਅਤੇ ਗੁਰਜੰਟ ਸਿੰਘ ਨੇ ਲਾਸ਼ ਨੂੰ ਬੁਰਜ ਮਹਿਮਾ ਸ਼ਮਸ਼ਾਨਘਾਟ ਪਹੁੰਚਾਇਆ। ਜਿੱਥੇ ਸਹਾਰਾ ਦੀ ਟੀਮ ਨੇ ਪੀ. ਪੀ. ਈ. ਕਿੱਟਾਂ ਪਾ ਕੇ ਮ੍ਰਿਤਕ ਦੀ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ।
ਸਹਾਰਾ ਟੀਮ ਨੇ ਲਵਾਈ ਕੋਵਿਡ ਵੈਕਸੀਨ
ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸਹਾਰਾ ਜਨ ਸੇਵਾ ਦੀ ਕੋਵਿਡ ਕਾਲ ’ਚ ਫਰੰਟ ਲਾਈਨ ’ਤੇ ਕੰਮ ਕਰਨ ਵਾਲੀ 20 ਮੈਂਬਰੀ ਟੀਮ ਵਲੋਂ ਕੋਰੋਨਾ ਵੈਕਸੀਨ ਸਿਵਲ ਹਸਪਤਾਲ ਬਠਿੰਡਾ ਵਿਖੇ ਲਗਾਈ ਗਈ। ਸਹਾਰਾ ਦੇ ਬੁਲਾਰੇ ਸੁਮਿਤ ਢੀਂਗਰਾ ਨੇ ਦੱਸਿਆ ਕਿ ਸਾਰੇ ਮੈਂਬਰ ਬਿਲਕੁਲ ਸੁਰੱਖਿਅਤ ਅਤੇ ਠੀਕ ਹਨ। ਕਿਸੇ ਕਿਸਮ ਦੀ ਕੋਈ ਤਕਲੀਫ਼ ਨਹੀਂ ਹੋਈ। ਸੁਮਿਤ ਢੀਂਗਰਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਜਲਦੀ ਤੋਂ ਜਲਦੀ ਕੋਰੋਨਾ ਦੀ ਵੈਕਸੀਨ ਲਗਵਾਉਣ ਅਤੇ ਮੂੰਹ ’ਤੇ ਮਾਸਕ ਲਗਾਕੇ ਰੱਖਣ ਅਤੇ ਕੋਰੋਨਾ ਤੋਂ ਸੁਰੱਖਿਅਤ ਰੱਖਣ।
ਮਾਨਸਾ ’ਚ 24 ਘੰਟਿਆਂ ਦੌਰਾਨ 21 ਮਰੀਜ਼ ਕੋਰੋਨਾ ਪਾਜ਼ੇਟਿਵ
ਮਾਨਸਾ : ਦੇਸ਼ ਭਰ ’ਚ ਫੈਲੀ ਕੋਰੋਨਾ ਮਹਾਮਾਰੀ ਰੁਕਣ ਦਾ ਨਾਂ ਨਹੀਂ ਲੈ ਰਹੀ। ਭਾਵੇਂ ਇਸ ਸਬੰਧੀ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੈ ਪਰ ਫਿਰ ਵੀ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਤਹਿਤ ਅੱਜ ਮਾਨਸਾ ਜ਼ਿਲ੍ਹੇ ’ਚ ਕੋਰੋਨਾ ਦੇ ਇਕੱਠੇ 21 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆ ਗਏ।ਕੋਰੋਨਾ ਸੈਂਪਲਿੰਗ ਟੀਮ ਦੇ ਇੰਚਾਰਜ ਡਾ. ਰਣਜੀਤ ਰਾਏ ਨੇ ਦੱਸਿਆ ਕਿ ਇਲਾਜ ਅਧੀਨ ਚੱਲ ਰਹੇ ਮਰੀਜ਼ਾਂ ’ਚੋਂ 1 ਮਰੀਜ਼ ਨੂੰ ਅੱਜ ਛੁੱਟੀ ਦਿੱਤੀ ਗਈ ਹੈ। ਸਿਹਤ ਵਿਭਾਗ ਵਲੋਂ ਰੋਜ਼ਾਨਾ ਕੀਤੀ ਜਾਂਦੀ ਸੈਂਪਲਿੰਗ ਤਹਿਤ ਅੱਜ 602 ਲੋਕਾਂ ਦੇ ਸੈਂਪਲ ਲਏ ਗਏ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕੋਰੋਨਾ ਪਾਜ਼ੇਟਿਵ ਪਾਏ ਗਏ 2577 ਜਣਿਆਂ ’ਚੋਂ 2457 ਨਾਗਰਿਕ ਤੰਦਰੁਸਤ ਹੋ ਕੇ ਘਰ ਜਾ ਚੁੱਕੇ ਹਨ। ਜਦੋਂ ਕਿ ਹੁਣ ਤੱਕ ਕੋਰੋਨਾ ਕਾਰਨ ਮਾਨਸਾ ਜ਼ਿਲੇ ’ਚ 55 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।