ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਦੀ ਕੋਰੋਨਾ ਨਾਲ ਮੌਤ

ਸ੍ਰੀ ਮੁਕਤਸਰ ਸਾਹਿਬ : ਸੁਖਦਰਸ਼ਨ ਸਿੰਘ ਮਰਾੜ ਸਾਬਕਾ ਵਿਧਾਇਕ 79 ਸਾਲ ਦੀ ਉਮਰ ਵਿਚ ਇਸ ਸੰਸਾਰ ਨੂੰ ਅਲਵਿਦਾ ਆਖ ਗਏ।ਉਹ ਪੰਜਾਬ ਦੀ ਸਿਆਸਤ ਵਿਚ ਉਸ ਸਮੇਂ ਵੱਖਰੀ ਪਹਿਚਾਣ ਰੱਖਣ ਲੱਗੇ ਜਦ ਉਨ੍ਹਾਂ ਨੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਕੇ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਨੂੰ ਹਰਾਇਆ।ਸੁਖਦਰਸ਼ਨ ਸਿੰਘ ਮਰਾੜ 2002 ’ਚ ਪਹਿਲੀ ਵਾਰ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਚੁਣੇ ਗਏ।ਉਹ ਆਜ਼ਾਦ ਤੌਰ ’ਤੇ ਚੋਣ ਲੜੇ ਅਤੇ ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਹਰਚਰਨ ਸਿੰਘ ਬਰਾੜ ਸਾਬਕਾ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਭਾਈ ਹਰਨਿਰਪਾਲ ਸਿੰਘ ਕੁੱਕੂ ਨੂੰ ਹਰਾਇਆ। 2002 ’ਚ ਕਾਂਗਰਸ ਦੀ ਸਰਕਾਰ ਬਣਨ ਉਪਰੰਤ ਉਹ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਕਾਂਗਰਸ ’ਚ ਸ਼ਾਮਲ ਹੋ ਗਏ।
2007 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋਏ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਸ੍ਰੀ ਮੁਕਤਸਰ ਸਾਹਿਬ ਤੋਂ ਚੋਣ ਲੜੀ ਪਰ ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ ਬਰਾੜ ਦੇ ਪੁੱਤਰ ਕੰਵਰਜੀਤ ਸਿੰਘ ਬਰਾੜ ਤੋਂ ਹਾਰ ਗਏ। 2011 ’ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਉਹ ਸ਼੍ਰੋਮਣੀ ਅਕਾਲੀ ਦਲ ਵੱਲੋ ਚੋਣ ਲੜੇ ਅਤੇ ਸ੍ਰੀ ਮੁਕਤਸਰ ਸਾਹਿਬ ਤੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਗਏ। 2012 ਦੀ ਵਿਧਾਨ ਸਭਾ ਚੋਣਾਂ ਦੌਰਾਨ ਉਹ ਚੋਣ ਨਹੀਂ ਲੜੇ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਮਦਦ ਕੀਤੀ। 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋ ਫ਼ਿਰ ਤੋਂ ਆਜ਼ਾਦ ਚੋਣ ਲੜੀ ਪਰ ਉਹ ਕਾਮਯਾਬ ਨਹੀਂ ਹੋਏ। 2017 ਦੀਆਂ ਵਿਧਾਨ ਸਭਾ ਚੋਣਾਂ ਉਪਰੰਤ ਉਹ ਕਾਂਗਰਸ ਵਿਚ ਹੀ ਕੰਮ ਕਰਦੇ ਨਜ਼ਰ ਆਏ।ਉਨ੍ਹਾਂ ਦਾ ਇਕ ਪੋਤਰਾ ਵੀ ਕਾਂਗਰਸ ਵੱਲੋ ਬਲਾਕ ਸੰਮਤੀ ਮੈਂਬਰ ਹੈ। ਸੁਖਦਰਸ਼ਨ ਸਿੰਘ ਮਰਾੜ ਨਿਧੜਕ ਆਗੂ ਵਜੋਂ ਜਾਣੇ ਜਾਂਦੇ ਰਹੇ ਹਨ। ਮਰਾੜ ਲੋਕ ਆਗੂ ਵਜੋਂ ਜਾਣੇ ਜਾਂਦੇ ਸਨ, ਉਹ ਸ੍ਰੀ ਮੁਕਤਸਰ ਸਾਹਿਬ ਦੇ ਅਜਿਹੇ ਪਹਿਲੇ ਵਿਧਾਇਕ ਸਨ ਜਿਨ੍ਹਾਂ ਲੋਕ ਸਮੱਸਿਆਵਾਂ ਦੇ ਹਲ ਲਈ ਸ਼ਹਿਰ ਵਿਚ ਦਫ਼ਤਰ ਖੋਲ੍ਹਿਆ ਸੀ।