ਦੇਸ਼ ’ਚ ਮੁੜ ਵਧਣ ਲੱਗਾ ‘ਕੋਰੋਨਾ’ ਦਾ ਖ਼ਤਰਾ, ਇਕ ਦਿਨ ’ਚ ਸਾਹਮਣੇ ਆਏ 24,882 ਕੇਸ

ਨਵੀਂ ਦਿੱਲੀ— ਭਾਰਤ ਵਿਚ ਕੋਰੋਨਾ ਵਾਇਰਸ ਨੇ ਮੁੜ ਤੋਂ ਪੈਰ ਪਸਾਰਣੇ ਸ਼ੁਰੂ ਕਰ ਦਿੱਤੇ ਹਨ। ਸ਼ਨੀਵਾਰ ਨੂੰ ਕੋਵਿਡ-19 ਦੇ 24,882 ਨਵੇਂ ਕੇਸ ਸਾਹਮਣੇ ਆਏ। ਇਹ ਅੰਕੜਾ ਇਸ ਸਾਲ ਇਕ ਦਿਨ ਵਿਚ ਸਾਹਮਣੇ ਆਏ ਮਰੀਜ਼ਾਂ ਦੀ ਸਭ ਤੋਂ ਵੱਧ ਗਿਣਤੀ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਹੁਣ ਤੱਕ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਕੁੱਲ ਗਿਣਤੀ 1,13,33,728 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਨਵੇਂ ਕੇਸਾਂ ਦੀ ਗਿਣਤੀ ਬੀਤੀ 83 ਦਿਨਾਂ ’ਚ ਸਭ ਤੋਂ ਵੱਧ ਹੈ। ਇਸ ਤੋਂ ਪਹਿਲਾਂ 20 ਦਸੰਬਰ ਨੂੰ 26,624 ਲੋਕਾਂ ਦੇ 24 ਘੰਟਿਆਂ ਦੇ ਅੰਦਰ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਸੀ।
ਸਿਹਤ ਮੰਤਰਾਲਾ ਵਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਬੀਤੇ 24 ਘੰਟਿਆਂ ਦੌਰਾਨ 140 ਕੋਵਿਡ-19 ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ ਨੂੰ ਮਿਲਾ ਕੇ ਹੁਣ ਤੱਕ ਦੇਸ਼ ’ਚ ਇਸ ਮਹਾਮਾਰੀ ਨਾਲ 1,58,446 ਲੋਕਾਂ ਦੀ ਜਾਨ ਜਾ ਚੁੱਕੀ ਹੈ। ਅੰਕੜਿਆਂ ਮੁਤਾਬਕ ਦੇਸ਼ ਵਿਚ ਇਸ ਸਮੇਂ 2,02,022 ਮਰੀਜ਼ ਜੇਰੇ ਇਲਾਜ ਹਨ, ਜੋ ਕੁੱਲ ਪੀੜਤਾਂ ਦਾ 1.74 ਫ਼ੀਸਦੀ ਹੈ। ਮੰਤਰਾਲਾ ਮੁਤਾਬਕ ਦੇਸ਼ ’ਚ ਕੋਵਿਡ-19 ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ ਵੱਧ ਕੇ 1,09,73,260 ਹੋ ਗਈ ਹੈ। ਭਾਰਤੀ ਆਯੁਵਿਗਿਆਨ ਖੋਜ ਪਰੀਸ਼ਦ (ਆਈ. ਸੀ. ਐੱਮ. ਆਰ.) ਮੁਤਾਬਕ ਦੇਸ਼ ਵਿਚ ਹੁਣ ਤੱਕ 22,58,39,273 ਨਮੂਨਿਆਂ ਦੀ ਕੋਵਿਡ-19 ਸਬੰਧੀ ਜਾਂਚ ਕੀਤੀ ਗਈ ਹੈ। ਉਨ੍ਹਾਂ ’ਚੋਂ 8,40,645 ਨਮੂਨਿਆਂ ਦੀ ਜਾਂਚ ਸ਼ੁੱਕਰਵਾਰ ਨੂੰ ਕੀਤੀ ਗਈ ਸੀ। ਦੇਸ਼ ’ਚ ਕੁੱਲ 2,82,18,457 ਲੋਕਾਂ ਨੂੰ ਕੋਰੋਨਾ ਵਾਇਰਸ ਦੀ ਵੈਕਸੀਨ ਲਾਈ ਗਈ ਹੈ।