ਕੋਰੋਨਾ ਫਿਰ ਹੋਣ ਲੱਗਾ ‘ਆਊਟ ਆਫ ਕੰਟਰੋਲ’,12 ਦਿਨਾਂ ’ਚ ਹੋਈਆਂ 198 ਮਰੀਜ਼ਾਂ ਦੀਆਂ ਮੌਤਾਂ

ਲੁਧਿਆਣਾ : ਪੰਜਾਬ ’ਚ ਕੋਰੋਨਾ ਵਾਇਰਸ ਫਿਰ ਬੇਲਗਾਮ ਹੁੰਦਾ ਨਜ਼ਰ ਆ ਰਿਹਾ ਹੈ। ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਕਾਰਨ 30 ਮਰੀਜ਼ਾਂ ਦੀ ਮੌਤ ਹੋ ਗਈ, ਜਦੋਂਕਿ 1414 ਨਵੇਂ ਮਰੀਜ਼ ਸਾਹਮਣੇ ਆਏ ਹਨ। ਸੂਬੇ ’ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 19,44,453 ਹੋ ਗਈ ਹੈ। ਇਨ੍ਹਾਂ ਵਿਚੋਂ 6030 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ’ਚ 222 ਮਰੀਜ਼ ਆਕਸੀਜ਼ਨ ਸਪੋਰਟ ’ਤੇ ਹਨ ਅਤੇ 23 ਵੈਂਟੀਲੇਟਰ ’ਤੇ। ਜਿਨ੍ਹਾਂ ’ਚੋਂ 12 ਇਕੱਲੇ ਲੁਧਿਆਣਾ ਵਿਚ ਵੈਂਟੀਲੇਟਰ ਸਪੋਰਟ ਦੇ ਸਹਾਰੇ ਚੱਲ ਰਹੇ ਹਨ। ਪਿਛਲੇ 12 ਦਿਨਾਂ ਵਿਚ 198 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਫਰਵਰੀ ਮਹੀਨੇ ’ਚ ਔਸਤ ਰੋਜ਼ਾਨਾ 300 ਤੋਂ 500 ਪਾਜ਼ੇਟਿਵ ਮਰੀਜ਼ ਸਾਹਮਣੇ ਆ ਰਹੇ ਸਨ। ਕਈ ਜ਼ਿਲ੍ਹਿਆਂ ’ਚ ਕੋਰੋਨਾ ਦੇ ਕੇਸ ਨਾ-ਮਾਤਰ ਰਹਿ ਗਏ ਸਨ ਪਰ ਫਰਵਰੀ ਦੇ ਆਖਰੀ ਹਫਤੇ ਤੋਂ ਕੋਰੋਨਾ ਦੇ ਕੇਸਾਂ ’ਚ ਫਿਰ ਵਾਧਾ ਹੋਣ ਲੱਗਾ ਹੈ। 1 ਮਾਰਚ ਨੂੰ ਸੂਬੇ ’ਚ 635 ਪਾਜ਼ੇਟਿਵ ਮਰੀਜ਼ ਸਨ, ਜਦੋਂਕਿ 4 ਮਾਰਚ ਨੂੰ 1074 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਹ ਅੰਕੜਾ 8 ਮਾਰਚ ਨੂੰ 1239 ਅਤੇ 10 ਮਾਰਚ ਨੂੰ 1422 ’ਤੇ ਪੁੱਜ ਗਿਆ। ਸੂਬੇ ਵਿਚ ਪਿਛਲੇ 24 ਘੰਟਿਆਂ ਦੌਰਾਨ 1414 ਪਾਜ਼ੇਟਿਵ ਮਰੀਜ਼ ਸਾਹਮਣੇ ਆਏ। ਇਨ੍ਹਾਂ ’ਚੋਂ 34 ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ ਮਰੀਜ਼ਾਂ ਦੀ ਮੌਤ ਹੋਈ, ਉਨ੍ਹਾਂ ’ਚੋਂ ਜਲੰਧਰ ਅਤੇ ਐੱਸ. ਏ. ਐੱਸ. ਨਗਰ ਤੋਂ 6-6 , ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਤੋਂ 5-5, ਕਪੂਰਥਲਾ ਵਿਚ 3, ਗੁਰਦਾਸਪੁਰ ਅਤੇ ਤਰਨਤਾਰਨ ’ਚ 2-2 ਤੋਂ ਇਲਾਵਾ ਫਾਜ਼ਿਲਕਾ, ਲੁਧਿਆਣਾ, ਰੋਪੜ ਸੰਗਰੂਰ ਅਤੇ ਐੱਸ. ਬੀ. ਐੱਸ. ਨਗਰ ’ਚ ਇਕ-ਇਕ ਮਰੀਜ਼ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ।
ਸੂਬੇ ’ਚ 19644 ਵਿਅਕਤੀਆਂ ਦੇ ਟੈਸਟ ਜਾਂਚ ਲਈ ਭੇਜੇ ਗਏ ਹਨ। ਵੱਖ-ਵੱਖ ਜ਼ਿਲ੍ਹਿਆਂ ’ਚ ਹਸਪਤਾਲਾਂ ਤੋਂ ਇਲਾਵਾ ਆਈਸੋਲੇਸ਼ਨ ਅਤੇ ਕੁਆਰੰਟਾਈਨ ਵਿਚ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਇਨ੍ਹਾਂ ਹੀ ਹਾਲਾਤਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ 15 ਮਾਰਚ ਤੋਂ ਹਰ ਜ਼ਿਲ੍ਹੇ ’ਚ ਵੈਕਸੀਨੇਸ਼ਨ ਵਧਾਉਣ ਦਾ ਫੈਸਲਾ ਕੀਤਾ ਹੈ ਤਾਂ ਕਿ ਟੀਕਾਕਰਨ ਨੂੰ ਉਤਸਾਹ ਦੇ ਕੇ ਕੋਰੋਨਾ ’ਤੇ ਕਾਬੂ ਪਾਇਆ ਜਾ ਸਕੇ। ਸਿਹਤ ਅਧਿਕਾਰੀਆਂ ਦਾ ਮੰਨਣਾ ਹੈ ਕਿ ਵੈਕਸੀਨੇਸ਼ਨ ਦੇ ਨਿਰਧਾਰਤ ਨਿਸ਼ਾਨੇ ਨੂੰ ਹਾਸਲ ਨਹੀਂ ਕੀਤਾ ਜਾ ਸਕਿਆ। ਮੈਡੀਕਲ ਮਾਹਿਰਾਂ ਦਾ ਕਹਿਣਾ ਹੈ ਕਿ ਇੰਜੈਕਸ਼ਨ ਲਗਾਉਣ ਦੀ ਗਤੀ ਜੇ ਇਹੀ ਰਹੀ ਤਾਂ ਆਮ ਆਦਮੀ ਦੀ ਵਾਰੀ ਕਦੋਂ ਆਵੇਗੀ। ਜਦੋਂਕਿ ਕੋਰੋਨਾ ਫਿਰ ਆਪਣਾ ਕਹਿਰ ਦਿਖਾਉਣ ਲੱਗਾ ਹੈ।