ਕਿਸਾਨੀ ਘੋਲ: ਸੜਕਾਂ ਤੋਂ ਪੱਕੇ ਘਰਾਂ ‘ਚ ਨਿਵਾਸ ਦੀਆਂ ਤਿਆਰੀਆਂ, ਟਿਕਰੀ ਸਰਹੱਦ ’ਤੇ ਬਣੇ ਦਰਜਨਾਂ ‘ਘਰ’

ਨਵੀਂ ਦਿੱਲੀ— ਖੇਤੀ ਕਾਨੂੰਨਾਂ ਖ਼ਿਲਾਫ਼ ਕਰੀਬ ਸਾਢੇ 3 ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਹੋਏ ਹਨ। ਕਿਸਾਨਾਂ ਵਲੋਂ ਹੁਣ ਅੰਦੋਲਨ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਸਰਹੱਦਾਂ ’ਤੇ ਡਟੇ ਕਿਸਾਨਾਂ ਵਲੋਂ ਹੁਣ ਪੱਕੇ ਘਰ ਬਣਾਏ ਜਾ ਰਹੇ ਹਨ। ਠੰਡ ਅਤੇ ਮੀਂਹ ’ਚ ਉਨ੍ਹਾਂ ਨੇ ਟੈਂਟਾਂ ਅਤੇ ਤਿਰਪਾਲਾਂ ਵਿਚ ਬਿਤਾ ਦਿੱਤੀ। ਹੁਣ ਗਰਮੀ ਦਾ ਮੌਸਮ ਹੋਣ ਕਾਰਨ ਕਿਸਾਨਾਂ ਨੇ ਸਥਾਈ ਘਰ ਬਣਾਉਣੇ ਸ਼ੁਰੂ ਕਰ ਦਿੱਤੇ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਸਾਡੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਕਿਸਾਨਾਂ ਵਲੋਂ ਪਹਿਲਾਂ ਹੀ ਕਿਹਾ ਗਿਆ ਹੈ ਕਿ ਜਦੋਂ ਤੱਕ ਸਾਡੀਆਂ ਮੰਗਾਂ ਸਰਕਾਰ ਨਹੀਂ ਮੰਨ ਲੈਂਦੀ, ਉਦੋਂ ਤੱਕ ਅਸੀਂ ਇੱਥੋਂ ਆਪਣੇ ਘਰਾਂ ਨੂੰ ਵਾਪਸ ਨਹੀਂ ਪਰਤਾਂਗੇ। ਅਜਿਹੇ ਵਿਚ ਹੁਣ ਅਸੀਂ ਇੱਟਾਂ ਦੇ ਘਰ ਬਣਾਉਣੇ ਸ਼ੁਰੂ ਕਰ ਦਿੱਤੇ ਹਨ।
ਦਿੱਲੀ ਦੀ ਟਿਕਰੀ ਸਰਹੱਦ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨ ਰਹਿਣ ਲਈ ਸਥਾਈ ਘਰ ਬਣਾ ਰਹੇ ਹਨ। ਇਕ ਪ੍ਰਦਰਸ਼ਨਕਾਰੀ ਕਿਸਾਨ ਨੇ ਦੱਸਿਆ ਕਿ ਅੰਦੋਲਨ ਦੀ ਕੋਈ ਸਮੇਂ ਸੀਮਾ ਨਹੀਂ ਹੈ ਅਤੇ ਗਰਮੀ ਦਾ ਮੌਸਮ ਆ ਰਿਹਾ ਹੈ, ਇਸ ਲਈ ਅਸੀਂ ਸਥਾਈ ਘਰ ਬਣਾ ਰਹੇ ਹਾਂ। ਅਜੇ 25-30 ਪੱਕੇ ਮਕਾਨ ਬਣ ਕੇ ਤਿਆਰ ਹੋ ਚੁੱਕੇ ਹਨ। ਇੱਥੇ ਕਿਸਾਨਾਂ ਦਾ ਪੱਕਾ ਰੈਣ ਬਸੇਰਾ ਹੋਵੇਗਾ। ਟਿਕਰੀ ਸਰਹੱਦ ’ਤੇ ਕਈ ਅਜਿਹੇ ਝੌਂਪੜੀ ਨੁਮਾ ਘਰ ਬਣਾਏ ਗਏ ਹਨ, ਜੋ ਇੱਟਾ ਅਤੇ ਸੀਮੈਂਟ ਨਾਲ ਬਣੇ ਹਨ। ਉਸ ਦੇ ਉੱਪਰ ਪਰਾਲੀ ਦੀ ਛੱਤ ਵਿਛਾਈ ਗਈ ਹੈ, ਜੋ ਗਰਮੀ ਵਿਚ ਠੰਡਕ ਦਾ ਅਹਿਸਾਸ ਦੇਵੇਗੀ। ਘਰਾਂ ਦੀਆਂ ਕੰਧਾਂ ਇੱਟਾਂ ਦੀਆਂ ਹਨ ਪਰ ਛੱਤ ਪਰਾਲੀ ਦੀ ਹੋਵੇਗੀ।
ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਜੇਕਰ ਸਾਡੀਆਂ ਮੰਗਾਂ ਨੂੰ ਨਹੀਂ ਮੰਨਦੀ ਤਾਂ ਇੱਥੇ ਦਰਜਨਾਂ ਘਰ ਇਸ ਤਰ੍ਹਾਂ ਹੀ ਨਜ਼ਰ ਆਉਣਗੇ। ਅਸੀਂ ਅੰਦੋਲਨ ਉਦੋਂ ਤੱਕ ਖ਼ਤਮ ਨਹੀਂ ਹੋਣ ਦਿਆਂਗੇ। ਟਿਕਰੀ ਹੀ ਨਹੀਂ ਸਿੰਘੂ ਸਰਹੱਦ ’ਤੇ ਵੀ ਅਜਿਹੇ ਘਰ ਬਣਾਏ ਜਾ ਰਹੇ ਹਨ। ਇਨ੍ਹਾਂ ਘਰਾਂ ’ਚ ਬਕਾਇਦਾ ਖਿੜਕੀ ਅਤੇ ਉਸ ’ਚ ਪੱਖੇ ਅਤੇ ਲਾਈਟਾਂ ਲਾਉਣ ਦੀ ਸਹੂਲਤ ਹੋਵੇਗੀ।
ਕਿਸਾਨਾਂ ਦਾ ਕਹਿਣਾ ਹੈ ਕਿ ਇਹ ਪ੍ਰਦਰਸ਼ਨ ਵਾਲੀ ਥਾਂ ਉਨ੍ਹਾਂ ਦੇ ਘਰ ਬਣ ਗਏ ਹਨ। ਜਦੋਂ ਤੱਕ ਅਸੀਂ ਇੱਥੇ ਡਟੇ ਰਹਾਂਗੇ, ਅਸੀਂ ਆਪਣੀ ਸਹੂਲਤ ਮੁਤਾਬਕ ਚੀਜ਼ਾਂ ਨੂੰ ਵਧਾਉਂਦੇ ਰਹਾਂਗੇ।