ਨਵਜੋਤ ਸਿੱਧੂ ਨੂੰ ਭਗਵੰਤ ਮਾਨ ਦੀਆਂ ਖਰੀਆਂ-ਖਰੀਆਂ, ਦਿੱਤਾ ਵੱਡਾ ਬਿਆਨ

ਬਰਨਾਲਾ – ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਸਰਕਾਰ ਤੋਂ ਫ਼ਸਲਾਂ ਦੇ ਐੱਮ. ਐੱਸ. ਪੀ. ਦੀ ਮੰਗ ਕਰਨ ਦੇ ਮਾਮਲੇ ‘ਤੇ ਭਗਵੰਤ ਮਾਨ ਨੇ ਸਿੱਧੂ ‘ਤੇ ਸਵਾਲ ਚੁੱਕੇ ਹਨ। ਮਾਨ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਨਵਜੋਤ ਸਿੱਧੂ ਕਿੱਥੇ ਸਨ ਅਤੇ ਚਾਰ ਸਾਲਾਂ ਤੋਂ ਨਵਜੋਤ ਸਿੱਧੂ ਕਿਉਂ ਨਹੀਂ ਬੋਲੇ ? ਮਾਨ ਨੇ ਕਿਹਾ ਕਿ ਉਸ ਤੋਂ ਪਹਿਲਾਂ ਵੀ ਦਸ ਸਾਲ ਅਕਾਲੀ-ਭਾਜਪਾ ਸਰਕਾਰ ਵਿਚ ਰਹਿੰਦਿਆਂ ਉਨ੍ਹਾਂ ਦੀਆਂ ਕਮੀਆਂ ਕੱਢਦੇ ਰਹੇ ਪਰ ਇਸ ਦੇ ਬਾਵਜੂਦ ਉਸ ਸਰਕਾਰ ਦਾ ਹਿੱਸਾ ਰਹੇ। ਅਜੇ ਵੀ ਨਵਜੋਤ ਸਿੱਧੂ ਕੋਲ ਕੁਝ ਕਰਕੇ ਵਿਖਾਉਣ ਲਈ ਇਕ ਸਾਲ ਦਾ ਸਮਾਂ ਪਿਆ ਹੈ।
ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਉਨ੍ਹਾਂ ਨੂੰ ਬਿਜਲੀ ਮੰਤਰੀ ਬਣਾ ਰਹੀ ਹੈ। ਬਿਜਲੀ ਮੰਤਰੀ ਬਣ ਕੇ ਪੰਜਾਬ ਵਿਚ ਬਿਜਲੀ ਦੇ ਭਾਅ ਨੂੰ ਘੱਟ ਕਰਨ। ਇਕੱਲੇ ਪ੍ਰੈੱਸ ਕਾਨਫ਼ਰੰਸ ਨਾਲ ਕੁਝ ਨਹੀਂ ਹੋਣਾ ਬਲਕਿ ਨਵਜੋਤ ਸਿੱਧੂ ਨੂੰ ਕੁਝ ਕਰਕੇ ਦਿਖਾਉਣਾ ਚਾਹੀਦਾ ਹੈ। ਮਾਨ ਨੇ ਕਿਹਾ ਕਿ ਸਿੱਧੂ ਬਿਜਲੀ ਵਿਭਾਗ ਲੈ ਕੇ ਬਿਜਲੀ ਸਸਤੀ ਕਰਨ ਜਦਕਿ ਮੌਜੂਦਾ ਸਮੇਂ ‘ਚ ਲੋਕਾਂ ਦਾ 50-50 ਹਜ਼ਾਰ ਦਾ ਬਿੱਲ ਆ ਰਿਹਾ ਹੈ। ਦਿੱਲੀ ਵਿਚ ਵੀ ਅਰਵਿੰਦ ਕੇਜਰੀਵਾਲ ਨੇ ਬਿਜਲੀ ਸਸਤੀ ਕਰਕੇ ਲੋਕਾਂ ਨੂੰ ਰਾਹਤ ਦਿੱਤੀ, ਫਿਰ ਕਿਉਂ ਨਹੀਂ ਸਿੱਧੂ ਬਿਜਲੀ ਮਹਿਕਮਾ ਲੈ ਕੇ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਉਂਦੇ ਹਨ।
ਮਾਨ ਨੇ ਕਿਹਾ ਕਿ ਅਜੇ ਵੀ ਉਨ੍ਹਾਂ ਕੋਲ ਇਕ ਸਾਲ ਦਾ ਸਮਾਂ ਪਿਆ ਹੈ। ਸਿਰਫ ਬੋਲਣ ਜਾਂ ਪ੍ਰੈੱਸ ਕਾਨਫਰੰਸਾਂ ਕਰਨ ਨਾਲ ਕੁੱਝ ਨਹੀਂ ਹੋਣਾ ਹੈ। ਵੇਲਾ ਹੈ ਕੁੱਝ ਕਰਕੇ ਵਿਖਾਉਣਦਾ। ਭਗਵੰਤ ਮਾਨ ਆਮ ਆਦਮੀ ਪਾਰਟੀ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ 21 ਮਾਰਚ ਨੂੰ ਮੋਗਾ ਜ਼ਿਲ੍ਹੇ ਦੇ ਬਾਘਾ ਪੁਰਾਣਾ ਵਿਖੇ ਰੱਖੀ ਗਈ ਕਿਸਾਨ ਮਹਾ ਸੰਮੇਲਨ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਪਹੁੰਚੇ ਹੋਏ ਸਨ। ਇਸ ਮੌਕੇ ਮਾਨ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਲਗਾਤਾਰ ਦੇਸ਼ ਭਰ ਵਿਚ ਮਹਾ ਰੈਲੀਆਂ ਮਹਾ-ਪੰਚਾਇਤਾਂ ਹੋ ਰਹੀਆਂ ਹਨ। ਇਸ ਸੰਘਰਸ਼ ਨੂੰ ਮਜ਼ਬੂਤ ਕਰਨ ਲਈ ‘ਆਪ’ ਵੱਲੋਂ ਕਿਸਾਨ ਮਹਾ-ਸੰਮੇਲਨ ਕੀਤਾ ਜਾ ਰਿਹਾ ਹੈ। ਇਹ ਸੰਘਰਸ਼ ਲਗਾਤਾਰ ਦੇਸ਼ ਭਰ ਵਿਚ ਫੈਲ ਰਿਹਾ ਹੈ ਤਾਂ ਜੋ ਕੇਂਦਰ ਸਰਕਾਰ ‘ਤੇ ਦਬਾਅ ਬਣਾਇਆ ਜਾ ਸਕੇ।