ਨਵੀਂ ਦਿੱਲੀ— ਦਿੱਲੀ ਪੁਲਸ ਦੇ ਇਕ ਏ. ਐੱਸ. ਆਈ. ਨੇ ਸ਼ਨੀਵਾਰ ਦੀ ਸਵੇਰ ਨੂੰ ਪੱਛਮੀ ਦਿੱਲੀ ਵਿਚ ਜਖੀਰਾ ਫਲਾਈਓਵਰ ’ਤੇ ਡਿਊਟੀ ਦੌਰਾਨ ਪੀ. ਸੀ. ਆਰ. ਵੈਨ ਵਿਚ ਆਪਣੀ ਸਰਵਿਸ ਪਿਸਤੌਲ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ 55 ਸਾਲ ਦੇ ਏ. ਐੱਸ. ਆਈ. ਤੇਜ ਪਾਲ, ਪੁਲਸ ਕੰਟਰੋਲ ਰੂਮ (ਪੀ. ਸੀ. ਆਰ.) ਵਿਚ ਤਾਇਨਾਤ ਸਨ। ਉਹ ਗਾਜ਼ੀਆਬਾਦ ਦੇ ਰਾਜਨਗਰ ਵਿਚ ਰਹਿੰਦੇ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੂੰ ਘਟਨਾ ਬਾਰੇ ਸਵੇਰੇ ਕਰੀਬ 7 ਵਜੇ ਸੂਚਨਾ ਮਿਲੀ ਅਤੇ ਘਟਨਾ ਵਾਲੀ ਥਾਂ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਏ. ਐੱਸ. ਆਈ. ਨੇ ਆਪਣੇ ਸੀਨੇ ’ਚ ਗੋਲੀ ਮਾਰੀ ਸੀ। ਉਨ੍ਹਾਂ ਨੇ ਦੱਸਿਆ ਕਿ ਪੀ. ਸੀ. ਆਰ. ਵੈਨ ਦੇ ਡਰਾਈਵਰ ਏ. ਐੱਸ. ਆਈ. ਨੂੰ ਏ. ਬੀ. ਜੀ. ਹਸਪਤਾਲ ਲੈ ਗਏ, ਜਿੱਥੇ ਉਨ੍ਹਾਂ ਨੂੰ ਮਿ੍ਰਤਕ ਐਲਾਨ ਕਰ ਦਿੱਤਾ ਗਿਆ। ਅਪਰਾਧ ਸ਼ਾਖਾ ਦੀ ਟੀਮ ਨੇ ਪੀ. ਸੀ. ਆਰ. ਵੈਨ ਦਾ ਮੁਆਇਨਾ ਕੀਤਾ। ਮਾਮਲੇ ਦੀ ਜਾਂਚ ਜਾਰੀ ਹੈ।