ਨਵੀਂ ਦਿੱਲੀ- ਸਰਕਾਰ ਨੇ ਸੋਸ਼ਲ ਮੀਡੀਆ ਮੰਚਾਂ ਦੀ ਦੁਰਵਰਤੋਂ ਰੋਕਣ ਲਈ ਵੀਰਵਾਰ ਨੂੰ ਨਵੇਂ ਦਿਸ਼ਾ-ਨਿਰਦੇਸ਼ ਐਲਾਨ ਕੀਤੇ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਅਧੀਨ ਸੰਬੰਧਤ ਕੰਪਨੀਆਂ ਲਈ ਸ਼ਿਕਾਇਤ ਅਧਿਕਾਰੀ ਦੀ ਨਿਯੁਕਤੀ ਕਰਨਾ, ਸ਼ਰਾਰਤਪੂਰਨ ਸੂਚਨਾ ਦੀ ਸ਼ੁਰੂਆਤ ਕਰਨ ਵਾਲੇ ਪਹਿਲੇ ਵਿਅਕਤੀ ਦਾ ਖ਼ੁਲਾਸਾ ਕਰਨ ਅਤੇ ਅਸ਼ਲੀਲ ਸਮੱਗਰੀ ਤੇ ਜਨਾਨੀਆਂ ਦੀਆਂ ਤਸਵੀਰਾਂ ਨਾਲ ਛੇੜਛਾੜ ਵਰਗੀ ਸਮੱਗਰੀ ਨੂੰ 24 ਘੰਟਿਆਂ ਅੰਦਰ ਹਟਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਸੂਚਨਾ ਤਕਨਾਲੋਜੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਨਵੇਂ ਦਿਸ਼ਾ-ਨਿਰਦੇਸ਼ਾਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਸੋਸ਼ਲ ਮੀਡੀਆ ਮੰਚਾਂ ਦੀ ਵਾਰ-ਵਾਰ ਗਲਤ ਵਰਤੋਂ ਅਤੇ ਫਰਜ਼ੀ ਖ਼ਬਰਾਂ ਦੇ ਪ੍ਰਸਾਰ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਜਾਂਦੀਆਂ ਰਹੀਆਂ ਹਨ ਅਤੇ ਸਰਕਾਰ ‘ਸਾਫ਼ਟ ਟਚ’ ਨਿਯਮ ਲਿਆ ਰਹੀ ਹੈ।
ਨਵੇਂ ਨਿਯਮਾਂ ਅਨੁਸਾਰ ਸੋਸ਼ਲ ਮੀਡੀਆ ਕੰਪਨੀਆਂ ਨੂੰ ਸ਼ਿਕਾਇਤ ਅਧਿਕਾਰੀ ਦੀ ਨਿਯੁਕਤੀ ਕਰਨੀ ਹੋਵੇਗੀ ਜੋ 24 ਘੰਟਿਆਂ ਅੰਦਰ ਸ਼ਿਕਾਇਤ ਦਰਜ ਕਰੇਗਾ। ਸ਼ਿਕਾਇਤ ਦਾ ਹੱਲ ਕਰਨ ਵਾਲੇ ਅਧਿਕਾਰੀ ਦਾ ਨਿਵਾਸ ਭਾਰਤ ‘ਚ ਹੋਣਾ ਚਾਹੀਦਾ ਅਤੇ ਸੋਸ਼ਲ ਮੀਡੀਆ ਮੰਚਾਂ ਨੂੰ ਮਹੀਨਾਵਾਰ ਰੂਪ ਨਾਲ ਪਾਲਣ ਰਿਪੋਰਟ ਦਾਇਰ ਕਰਨੀ ਹੋਵੇਗੀ। ਸਰਕਾਰ ਜਾਂ ਅਦਾਲਤ ਦੇ ਕਹਿਣ ‘ਤੇ ਸੋਸ਼ਲ ਮੀਡੀਆ ਮੰਚਾਂ ਨੂੰ ਸ਼ਰਾਰਤਪੂਰਨ ਸੂਚਨਾ ਦੀ ਸ਼ੁਰੂਆਤ ਕਰਨ ਵਾਲੇ ਪਹਿਲੇ ਵਿਅਕਤੀ ਦਾ ਖ਼ੁਲਾਸਾ ਕਰਨਾ ਹੋਵੇਗਾ।