ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੇਰੋਨਾ ਵਾਇਰਸ ਲਾਗ ਦੀ ਬੀਮਾਰੀ ਦੌਰਾਨ ਗ੍ਰੀਨ ਕਾਰਡ ਜਾਰੀ ਕਰਨ ‘ਤੇ ਲਗਾਈ ਰੋਕ ਨੂੰ ਹਟਾ ਦਿੱਤਾ ਹੈ। ਵਕੀਲਾਂ ਦਾ ਕਹਿਣਾ ਸੀ ਕਿ ਇਹ ਫ਼ੈਸਲਾ ਅਮਰੀਕਾ ਵਿਚ ਵੈਧ ਇਮੀਗ੍ਰੇਸ਼ਨ ਨੂੰ ਰੋਕ ਰਿਹਾ ਸੀ। ਅਮਰੀਕੀ ਰਾਸ਼ਟਰਪਤੀ ਦਫਤਰ ‘ਵ੍ਹਾਈਟ ਹਾਊਸ’ ਵੱਲੋਂ ਬੁੱਧਵਾਰ ਨੂੰ ਜਾਰੀ ਬਿਆਨ ਵਿਚ ਬਾਈਡੇਨ ਨੇ ਕਿਹਾ,”ਇਹ ਫ਼ੈਸਲਾ ਅਮਰੀਕਾ ਦੇ ਹਿੱਤ ਵਿਚ ਨਹੀਂ ਸੀ। ਇਸ ਦੇ ਇਲਟ ਇਹ ਅਮਰੀਕੀ ਲੋਕਾਂ ਲਈ ਮੁਸ਼ਕਲਾਂ ਪੈਦਾ ਕਰਨ ਵਾਲਾ ਫ਼ੈਸਲਾ ਸੀ। ਇਸ ਨੇ ਅਮਰੀਕਾ ਦੇ ਨਾਗਰਿਕਾਂ ਅਤੇ ਵੈਧ ਸਥਾਨਕ ਵਸਨੀਕਾਂ ਨੂੰ ਉਹਨਾਂ ਦੇ ਪਰਿਵਾਰਾਂ ਨਾਲ ਮਿਲਣ ਤੋਂ ਰੋਕਿਆ ਅਤੇ ਅਮਰੀਕੀ ਕਾਰੋਬਾਰਾਂ ਨੂੰ ਨੁਕਸਾਨ ਪਹੁੰਚਾਇਆ।”
ਗੌਰਤਲਬ ਹੈ ਕਿ ਟਰੰਪ ਨੇ ਜੂਨ 2020 ਵਿਚ ਇਹ ਕਹਿੰਦੇ ਹੋਏ ਪਾਬੰਦੀਆਂ ਲਗਾ ਦਿੱਤੀਆਂ ਸਨ ਕਿ ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਕਾਰਨ ਭਾਰੀ ਬੇਰੁਜ਼ਗਾਰੀ ਵਿਚ ਅਮਰੀਕੀ ਕਰਮਚਾਰੀਆਂ ਦੇ ਹਿੱਤਾਂ ਨੂੰ ਬਚਾਉਣਾ ਜ਼ਰੂਰੀ ਹੈ। ਇਹਨਾਂ ਪਾਬੰਦੀਆਂ ਦੇ ਤਹਿਤ ਅਮਰੀਕੀ ਅਰਥਵਿਵਸਥਾ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਦੇ ਤਹਿਤ ਗੈਰ ਪ੍ਰਵਾਸੀ ਵਰਕ ਵੀਜ਼ਾ ਦੀਆਂ ਕੁਝ ਸ਼੍ਰੇਣੀਆਂ ਨੂੰ ਮੁਅੱਤਲ ਕਰ ਦਿੱਤਾ ਸੀ। ਸੂਚੀ ਵਿਚ ਉੱਚ ਤਕਨੀਕ ਵਾਲੇ ਉਦਯੋਗਾਂ ਵਿਚ ਕੰਮ ਲਈ ਐੱਚ-1ਬੀ ਵੀਜ਼ਾ ਅਤੇ ਘੱਟ ਹੁਨਰ ਵਾਲੇ ਕਾਮਿਆਂ, ਸਿਖਿਆਰਥੀਆਂ, ਅਧਿਆਪਕਾਂ ਅਤੇ ਕੰਪਨੀ ਦੇ ਟਰਾਂਸਫਰ ਸੰਬੰਧੀ ਵੀਜ਼ਾ ਸ਼ਾਮਲ ਹਨ। ਬਾਈਡੇਨ ਨੇ ਅਹੁਦੇ ਦੀ ਸਹੁੰ ਚੁੱਕਣ ਮਗਰੋਂ ਕਈ ਪਾਬੰਦੀਸ਼ੁਦਾ ਉਪਾਆਂ ਨੂੰ ਸੌਖਾ ਕਰ ਦਿੱਤਾ ਹੈ ਜੋ ਟਰੰਪ ਦੀ ‘ਜ਼ੀਰੋ ਟੋਲਰੈਂਸ’ ਇਮੀਗ੍ਰੇਸ਼ਨ ਨੀਤੀ ਦਾ ਹਿੱਸਾ ਸਨ।