ਜਲੰਧਰ/ਚੰਡੀਗੜ੍ਹ— ਪੰਜਾਬ ਦੀ ਵਜ਼ਾਰਤ ’ਚੋਂ ਬਾਹਰ ਹੋ ਚੁੱਕੇ ਨਵਜੋਤ ਸਿੰਘ ਸਿੱਧੂ ਸੋਸ਼ਲ ਮੀਡੀਆ ਜ਼ਰੀਏ ਲਗਾਤਾਰ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾ ਰਹੇ ਹਨ। ਆਪਣੇ ਯੂ-ਟਿਊਬ ਅਤੇ ਟਵਿੱਟਰ ਅਕਾਊਂਟ ਰਾਹੀਂ ਉਹ ਕਿਸਾਨਾਂ ਦੇ ਹੱਕ ’ਚ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਹਨ। ਇਸ ਦੇ ਨਾਲ ਹੀ ਸਿੱਧੂ ਨੇ ਪੈਟਰੋਲ-ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾ ਕੇ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਹਨ। ਹਾਲ ਹੀ ’ਚ ਖੇਤੀ ਕਾਨੂੰਨਾਂ ਖ਼ਿਲਾਫ਼ ਨਵਜੋਤ ਸਿੰਘ ਨੇ ਟਵਿੱਟਰ ਜ਼ਰੀਏ ਕੇਂਦਰ ਸਰਕਾਰ ਵਿਰੁੱਧ ਜੰਮ ਕੇ ਭੜਾਸ ਕੱਢੀ ਹੈ।
ਟਵਿਟਰ ’ਤੇ ਲਿਖਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ, ‘‘ਇਹ ਕਾਲੇ ਕਾਨੂੰਨਾਂ ਦੀ ਤਹਿਜ਼ੀਬ ਹੈ ਜਨਾਬ…ਇਹ ਕੈਦ ਕਰਕੇ ਖਾਣਾ ਦੇਣ ਦੀ ਗੱਲ ਕਰਦੇ ਹਨ।’’ ਇਸ ਦੇ ਇਲਾਵਾ ਉਨ੍ਹਾਂ ਲਿਖਿਆ, ‘‘ਉਹ ਆਉਣਗੇ ਨਵੇਂ ਵਾਅਦੇ ਲੈ ਕੇ, ਤੁਸੀਂ ਪੁਰਾਣੀਆਂ ਸ਼ਰਤਾਂ ’ਤੇ ਹੀ ਕਾਇਮ ਰਹਿਣਾ।’’ ਇਸੇ ਤਰ੍ਹਾਂ ਕੁਝ ਘੰਟੇ ਪਹਿਲਾਂ ਸਿੱਧੂ ਵੱਲੋਂ ਕੀਤੇ ਗਏ ਟਵੀਟ ’ਚ ਉਨ੍ਹਾਂ ਲਿਖਿਆ, ‘‘ਮਤਲਬ ਵੇਲੇ ਸਾਰੇ ਇਕਰਾਰ ਹੋ ਗਏ…ਨੇਵਲੇ ਦੇ ਵੀ ਸੱਪਾਂ ਨਾਲ ਸੰਬੰਧ ਹੋ ਗਏ…’’
ਇਸ ਦੇ ਇਲਾਵਾ ਬੀਤੇ ਦਿਨੀਂ ਵੀ ਸਿੱਧੂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਕੁਝ ਟਵੀਟਸ ਕੀਤੇ ਗਏ ਹਨ, ਜਿਨ੍ਹਾਂ ’ਚ ਉਨ੍ਹਾਂ ਲਿਖਿਆ, ‘‘ਅੱਗ ਲਗਾਉਣ ਵਾਲਿਆਂ ਨੂੰ ਕੀ ਖ਼ਬਰ…ਰੁਖ਼ ਹਵਾਵਾਂ ਨੇ ਬਦਲਿਆ ਤਾਂ ਖ਼ਾਕ ਉਹ ਵੀ ਹੋਣਗੇ।’’ ਇਕ ਹੋਰ ਟਵੀਟ ’ਚ ਸਿੱਧੂ ਨੇ ਸ਼ਾਇਰਾਨਾ ਅੰਦਾਜ਼ ’ਚ ਲਿਖਿਆ, ‘‘ਆਪਣੇ ਖ਼ਿਲਾਫ਼ ਗੱਲਾਂ ਮੈਂ ਅਕਸਰ ਖਾਮੋਸ਼ੀ ਨਾਲ ਸੁਣਦਾ ਹਾਂ..ਜਵਾਬ ਦੇਣ ਦਾ ਹੱਕ ਮੈਂ ਵਕਤ ਨੂੰ ਦੇ ਰੱਖਿਆ ਹੈ।’’ ਇਸ ਦੇ ਇਲਾਵਾ ਇਕ ਹੋਰ ਟਵੀਟ ’ਚ ਉਨ੍ਹਾਂ ਲਿਖਿਆ ਹੈ, ‘‘ਜਿਸ ਨੂੰ ਸੁਣਾਨਾ ਹੈ, ਉਹ ਤਾਂ ਸੁਣਦਾ ਨਹੀਂ…ਅਤੇ ਖ਼ਾਮਖਾ, ਜ਼ਮਾਨਾ ਕੰਨ ਲਗਾ ਕੇ ਬੈਠਾ ਹੈ।’’
ਇਸ ਦੇ ਇਲਾਵਾ ਉਨ੍ਹਾਂ ਲਿਖਿਆ, ‘‘ਇਨਸਾਨ ਹੀ ਇਨਸਾਨ ਨੂੰ ਡੱਸ ਰਿਹਾ ਹੈ, ਸੱਪ ਕੋਨੇ ’ਚ ਬੈਠ ਕੇ ਹੱਸ ਰਿਹਾ ਹੈ।’’ ਇਕ ਹੋਰ ਟਵੀਟ ’ਚ ਸਿੱਧੂ ਨੇ ਲਿਖਿਆ, ‘‘ ਹਾਂ ਮੈਂ ਜਾਣਦਾ ਹਾਂ ਕਿ ਮੈਂ ਸ਼ਾਇਰ ਨਹੀਂ ਅਤੇ ਜ਼ੁਲਮ ਖ਼ਿਲਾਫ਼ ਨਾ ਲਿਖਾਂ?-ਜ਼ਾਲਿਮ ਦੇ ਡਰ ਨਾਲ… ਅਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹਾਂ, ਕੋਈ ਕਾਇਰ ਨਹੀਂ। ਇਥੇ ਦੱਸ ਦੇਈਏ ਕਿ ਕਿਸਾਨਾਂ ਦੇ ਹੱਕ ’ਚ ਆਵਾਜ਼ ਬੁਲੰਦ ਕਰਦੇ ਸਿੱਧੂ ਵੱਲੋਂ ਹੋਰ ਵੀ ਕਈ ਟਵੀਟ ਕੀਤੇ ਗਏ ਹਨ, ਜਿਨ੍ਹਾਂ ’ਚ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਲੰਮੇਂ ਹੱਥੀ ਲਿਆ ਹੈ।