ਬਾਬਾ ਰਾਮਦੇਵ ਦੀ ਕੋਰੋਨਿਲ ਦਵਾਈ ’ਤੇ ਮਹਾਰਾਸ਼ਟਰ ਸਰਕਾਰ ਨੇ ਲਾਈ ਰੋਕ

ਮੁੰਬਈ – ਮਹਾਰਾਸ਼ਟਰ ਸਰਕਾਰ ਨੇ ਬਾਬਾ ਰਾਮਦੇਵ ਦੀ ਕੋਰੋਨਾ ਦਵਾਈ ਕੋਰੋਨਿਲ ਦੀ ਵਿਕਰੀ ’ਤੇ ਰੋਕ ਲਾ ਦਿੱਤੀ ਹੈ। ਸੂਬੇ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਬਾਬਾ ਰਾਮਦੇਵ ਦੇ ਪਤੰਜਲੀ ਵਲੋਂ ਲਾਂਚ ਕੀਤੀ ਗਈ ਕੋਰੋਨਾ ਦੀ ਦਵਾਈ ਕੋਰੋਨਿਲ ਦੇ ਸਬੰਧ ਵਿਚ ਕਿਹਾ ਕਿ ਸਿਹਤ ਸੰਗਠਨਾਂ ਤੋਂ ਉਚਿਤ ਸਰਟੀਫਕੇਟ ਤੋਂ ਬਿਨਾਂ ਕੋਰੋਨਿਲ ਦੀ ਵਿਕਰੀ ਨੂੰ ਮਹਾਰਾਸ਼ਟਰ ਵਿਚ ਇਜਾਜ਼ਤ ਨਹੀਂ ਮਿਲੇਗੀ।
ਅਨਿਲ ਦੇਸ਼ਮੁਖ ਨੇ ਕਿਹਾ ਕਿ ਕੋਰੋਨਿਲ ਦੇ ਪ੍ਰੀਖਣ ’ਤੇ ਆਈ. ਐੱਮ. ਏ. ਨੇ ਸਵਾਲ ਉਠਾਏ ਹਨ ਅਤੇ ਡਬਲਿਊ. ਐੱਚ. ਓ. ਨੇ ਪਤੰਜਲੀ ਆਯੁਰਵੇਦ ਨੂੰ ਕਿਸੇ ਵੀ ਤਰ੍ਹਾਂ ਦੀ ਇਜਾਜ਼ਤ ਦੇਣ ਤੋਂ ਇਨਕਾਰ ਕੀਤਾ ਹੈ। ਅਜਿਹੇ ਵਿਚ ਜਲਦਬਾਜ਼ੀ ਵਿਚ ਕਿਸੇ ਵੀ ਦਵਾਈ ਨੂੰ ਉਪਲੱਬਧ ਕਰਵਾਉਣਾ ਅਤੇ 2 ਸੀਨੀਅਰ ਕੇਂਦਰੀ ਮੰਤਰੀਆਂ ਵਲੋਂ ਇਸ ਦੀ ਸ਼ਲਾਘਾ ਕਰਨਾ ਉਚਿੱਤ ਨਹੀਂ ਹੈ।