ਜਲੰਧਰ – ਥੋੜ੍ਹੇ ਜਿਹੇ ਅੰਤਰਾਲ ਤੋਂ ਬਾਅਦ ਜ਼ਿਲ੍ਹੇ ਵਿਚ ਕੋਰੋਨਾ ਨੇ ਇਕ ਵਾਰ ਫਿਰ ਤੋਂ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਅਤੇ ਇਸ ਦੀ ਲਪੇਟ ਵਿਚ ਆਉਣ ਵਾਲਿਆਂ ਦੀ ਗਿਣਤੀ ਵਿਚ ਬਹੁਤ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਮੰਗਲਵਾਰ ਨੂੰ 3 ਅਧਿਆਪਕਾਂ ਅਤੇ ਇਕ ਪਰਿਵਾਰ ਦੇ 4 ਮੈਂਬਰਾਂ ਸਮੇਤ 35 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ।
ਜ਼ਿਲ੍ਹਾ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਵਿਭਾਗ ਨੂੰ ਮੰਗਲਵਾਰ ਵੱਖ-ਵੱਖ ਲੈਬਾਰਟਰੀਆਂ ਤੋਂ ਕੁੱਲ 46 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ, ਜਿਨ੍ਹਾਂ ਵਿਚੋਂ 11 ਲੋਕ ਦੂਜੇ ਜ਼ਿਲਿਆਂ ਨਾਲ ਸਬੰਧਤ ਪਾਏ ਗਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ 35 ਲੋਕਾਂ ਵਿਚ ਕਲਿਆਣਪੁਰ ਦੇ ਸਰਕਾਰੀ ਸਕੂਲ ਦੀ ਇਕ ਅਤੇ ਗਾਖਲਾਂ ਦੇ ਕਾਨਵੈਂਟ ਸਕੂਲ ਦੀਆਂ 2 ਅਧਿਆਪਕਾਵਾਂ ਅਤੇ ਨਿਊ ਕੈਲਾਸ਼ ਨਗਰ ਦੇ ਇਕ ਪਰਿਵਾਰ ਦੇ 4 ਮੈਂਬਰ ਸ਼ਾਮਲ ਹਨ, ਜਦੋਂ ਕਿ ਬਾਕੀ ਦੇ ਮਰੀਜ਼ਾਂ ਵਿਚੋਂ ਕੁਝ ਫਿਲੌਰ, ਸ਼ਾਹਕੋਟ, ਕਰਤਾਰਪੁਰ, ਆਦਮਪੁਰ, ਜਮਸ਼ੇਰ ਖਾਸ, ਗੋਪਾਲ ਨਗਰ, ਗੁਰੂ ਤੇਗ ਬਹਾਦਰ ਨਗਰ, ਅਰਬਨ ਅਸਟੇਟ, ਮੁਹੱਲਾ ਇਸਲਾਮਗੰਜ, ਰਾਜਿੰਦਰ ਨਗਰ ਆਦਿ ਇਲਾਕੇ ਦੇ ਰਹਿਣ ਵਾਲੇ ਹਨ।
1182 ਲੋਕਾਂ ਦੀ ਰਿਪੋਰਟ ਆਈ ਨੈਗੇਟਿਵ ਅਤੇ 25 ਹੋਰਨਾਂ ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਨੂੰ ਮੰਗਲਵਾਰ 1182 ਹੋਰ ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਅਤੇ ਇਸਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 25 ਹੋਰਨਾਂ ਨੂੰ ਛੁੱਟੀ ਵੀ ਦੇ ਦਿੱਤੀ ਗਈ। ਮਿਹਕਮੇ ਦੀਆਂ ਟੀਮਾਂ ਨੇ ਕੋਰੋਨਾ ਦੀ ਪੁਸ਼ਟੀ ਲਈ 3634 ਹੋਰ ਲੋਕਾਂ ਦੇ ਸੈਂਪਲ ਲਏ ਹਨ।
ਜਲੰਧਰ ਜ਼ਿਲ੍ਹੇ ਵਿਚ ਕੋਰੋਨਾ ਦੀ ਸਥਿਤੀ
ਕੁੱਲ ਸੈਂਪਲ-617241
ਨੈਗੇਟਿਵ ਆਏ-570525
ਪਾਜ਼ੇਟਿਵ ਆਏ-21321
ਡਿਸਚਾਰਜ ਹੋਏ-20251
ਮੌਤਾਂ ਹੋਈਆਂ-699
ਐਕਟਿਵ ਕੇਸ-371
1506 ਕੋਰੋਨਾ ਯੋਧਿਆਂ ਨੂੰ ਲੱਗਾ ਟੀਕਾ, ਇਨ੍ਹਾਂ ’ਚੋਂ 536 ਨੇ ਲੁਆਈ ਦੂਜੀ ਡੋਜ਼
ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਕੋਰੋਨਾ ਵੈਕਸੀਨੇਸ਼ਨ ਮਹਾ-ਮੁਹਿੰਮ ਦੇ ਦੂਜੇ ਪੜਾਅ ਵਿਚ ਮੰਗਲਵਾਰ ਨੂੰ ਜ਼ਿਲੇ ਵਿਚ 1506 ਕੋਰੋਨਾ ਯੋਧਿਆਂ ਨੇ ਇਨ੍ਹਾਂ ਵਿਚੋਂ 936 ਅਜਿਹੇ ਹੈਲਥ ਵਰਕਰਜ਼ ਸਨ, ਜਿਨ੍ਹਾਂ ਦੂਜੀ ਡੋਜ਼ ਲੁਆਈ।
ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਰਾਕੇਸ਼ ਚੋਪੜਾ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਚ 120, ਈ. ਐੱਸ. ਆਈ. ਹਸਪਤਾਲ ਵਿਚ 70, ਪੀ. ਏ. ਪੀ. ਵਿਚ 176, ਖੁਰਲਾ ਕਿੰਗਰਾ ਵਿਚ 20, ਆਦਮਪੁਰ ਵਿਚ 50, ਕਾਲਾ ਬੱਕਰਾ ਵਿਚ 10, ਨਕੋਦਰ ਵਿਚ 62, ਬਸਤੀ ਗੁਜ਼ਾਂ ਵਿਚ 10, ਫਿਲੌਰ ਵਿਚ 58, ਕਰਤਾਰਪੁਰ ਵਿਚ 57, ਦਾਦਾ ਕਾਲੋਨੀ ਦੇ ਸਿਹਤ ਕੇਂਦਰ ਵਿਚ 10, ਐੱਨ. ਐੱਚ. ਐੱਸ. ਹਸਪਤਾਲ ਵਿਚ 120, ਟੈਗੋਰ ਹਸਪਤਾਲ ਵਿਚ 60, ਪਟੇਲ ਹਸਪਤਾਲ ਵਿਚ 200, ਪਿਮਸ ਵਿਚ 40, ਗੁਰੂ ਨਾਨਕ ਮਿਸ਼ਨ ਹਸਪਤਾਲ ਵਿਚ 90, ਸੈਕਰਡ ਹਾਰਟ ਹਸਪਤਾਲ ਵਿਚ 146, ਜੋਸ਼ੀ ਹਸਪਤਾਲ ਵਿਚ 87, ਘਈ ਹਸਪਤਾਲ ਵਿਚ 50 ਅਤੇ ਚੈਰੀਟੇਬਲ ਹਸਪਤਾਲ ਜੀ. ਟੀ. ਬੀ. ਨਗਰ ਵਿਚ 70 ਕੋਰੋਨਾ ਯੋਧਾ ਟੀਕਾ ਲੁਆਉਣ ਪਹੁੰਚੇ।