ਧੇਮਾਜੀ – ਚੋਣ ਸੂਬੇ ਆਸਾਮ ਲਈ ਆਪਣੀ ਸਰਕਾਰ ਦਾ ਖਜ਼ਾਨਾ ਖੋਲ੍ਹਦੇ ਹੋਏ ਪ੍ਰਧਾਨ ਮੰਤਰੀ ਨੇ ਆਜ਼ਾਦੀ ਪਿੱਛੋਂ ਸਾਲਾਂ ਤੱਕ ਦੇਸ਼ ‘ਤੇ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਦੀ ਅਗਵਾਈ ਵਾਲੀਆਂ ਉੱਤਰੀ-ਪੂਰਬੀ ਸੂਬਿਆਂ ਦੀਆਂ ਸਾਬਕਾ ਸਰਕਾਰਾਂ ‘ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਨ੍ਹਾਂ ਦਹਾਕਿਆਂ ਤੱਕ ਉੱਤਰ-ਪੂਰਬ ਨੂੰ ਬੇਧਿਆਨ ਕੀਤਾ। ਜਿਨ੍ਹਾਂ ਲੋਕਾਂ ਨੇ ਆਜ਼ਾਦੀ ਤੋਂ ਬਾਅਦ ਕਈ ਦਹਾਕਿਆਂ ਤੱਕ ਇਥੇ ਰਾਜ ਕੀਤਾ, ਉਹ ਮੰਨਦੇ ਸਨ ਕਿ ਦਿਸਪੁਰ ਦਿੱਲੀ ਤੋਂ ਬਹੁਤ ਦੂਰ ਹੈ ਪਰ ਹੁਣ ਉਹ ਗੱਲ ਨਹੀਂ ਹੈ। ਦਿੱਲੀ ਹੁਣ ਦੂਰ ਨਹੀਂ, ਤੁਹਾਡੇ ਦਰਵਾਜ਼ੇ ‘ਤੇ ਹੈ।
ਇਕ ਮਹੀਨੇ ਵਿਚ ਆਸਾਮ ਦੇ ਆਪਣੇ ਤੀਜੇ ਦੌਰੇ ਦੌਰਾਨ ਮੋਦੀ ਨੇ 3222 ਕਰੋੜ ਰੁਪਏ ਤੋਂ ਵੱਧ ਦੀਆਂ ਪੈਟਰੋਲੀਅਮ ਖੇਤਰ ਦੀਆਂ ਤਿੰਨ ਯੋਜਨਾਵਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਉਨ੍ਹਾਂ ਬ੍ਰਹਮਪੁੱਤਰ ਦਰਿਆ ਦੇ ਉੱਤਰੀ ਕੰਢੇ ‘ਤੇ 45 ਕਰੋੜ ਰੁਪਏ ਦੀ ਮੁੱਢਲੀ ਯੋਜਨਾ ਦੀ ਲਾਗਤ ਵਾਲੇ ਧੇਮਾਜੀ ਇੰਜੀਨੀਅਰਿੰਗ ਕਾਲਜ ਦਾ ਉਦਘਾਟਨ ਕੀਤਾ। ਨਾਲ ਹੀ 55 ਕਰੋੜ ਰੁਪਏ ਦੀ ਲਾਗਤ ਵਾਲੇ ਸੁਆਲਕੁਚੀ ਇੰਜੀਨੀਅਰਿੰਗ ਕਾਲਜ ਦਾ ਨੀਂਹ ਪੱਥਰ ਰੱਖਿਆ।