ਜੀਂਦ— ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਦਾ ਹਾਲ ਹੀ ’ਚ ਬਿਆਨ ਸਾਹਮਣੇ ਆਇਆ ਸੀ ਕਿ ਅਸੀਂ ਖੜ੍ਹੀ ਫ਼ਸਲ ਨੂੰ ਬਰਬਾਦ ਕਰ ਦੇਵਾਂਗੇ ਪਰ ਘਰ ਵਾਪਸ ਨਹੀਂ ਜਾਵਾਂਗੇ। ਰਾਕੇਸ਼ ਦੇ ਇਸ ਬਿਆਨ ਦਾ ਅਸਰ ਹਰਿਆਣਾ ਦੇ ਜੀਂਦ ’ਚ ਵੇਖਣ ਨੂੰ ਮਿਲਿਆ, ਜਿੱਥੇ ਕਿਸਾਨ ਨੇ ਦੋ ਏਕੜ ਕਣਕ ਦੀ ਫ਼ਸਲ ’ਤੇ ਟਰੈਕਟਰ ਚਲਾ ਦਿੱਤਾ। ਜੀਂਦ ਜ਼ਿਲ੍ਹੇ ਦੇ ਗੁਲਕਨੀ ਪਿੰਡ ਦੇ ਕਿਸਾਨ ਨੇ ਟਰੈਕਟਰ ਚਲਾ ਕੇ ਕਣਕ ਦੀ ਫ਼ਸਲ ਨੂੰ ਨਸ਼ਟ ਕਰ ਦਿੱਤਾ। ਇਸ ਦੀ ਵਜ੍ਹਾ ਉਨ੍ਹਾਂ ਨੇ ਕਿਸਾਨ ਨੇਤਾ ਰਾਕੇਸ਼ ਟਿਕੈਤ ਦੀ ਅਪੀਲ ਨੂੰ ਦੱਸਿਆ ਹੈ।
ਕਿਸਾਨ ਦਾ ਕਹਿਣਾ ਹੈ ਕਿ ਫ਼ਸਲ ਸਾੜਨ ਨਾਲ ਪ੍ਰਦੂਸ਼ਣ ਹੋਵੇਗਾ, ਇਸ ਲਈ ਉਨ੍ਹਾਂ ਨੇ ਫ਼ਸਲ ’ਤੇ ਟਰੈਕਟਰ ਚਲਾ ਦਿੱਤਾ। ਦਰਅਸਲ ਟਿਕੈਤ ਨੇ ਕਿਸਾਨ ਮਹਾਪੰਚਾਇਤ ’ਚ ਕਿਹਾ ਸੀ ਕਿ ਸਰਕਾਰ ਇਹ ਨਾ ਸਮਝੇ ਕਿ ਕਿਸਾਨ ਵਾਢੀ ਕਰਨ ਚੱਲੇ ਜਾਣਗੇ ਅਤੇ ਅੰਦੋਲਨ ਖ਼ਤਮ ਹੋ ਜਾਵੇਗਾ। ਅਸੀਂ ਖੜ੍ਹੀ ਫ਼ਸਲ ਨੂੰ ਬਰਬਾਦ ਕਰ ਦੇਵਾਂਗੇ ਪਰ ਘਰ ਵਾਪਸ ਨਹੀਂ ਜਾਵਾਂਗੇ। ਟਿਕੈਤ ਦੇ ਅਜਿਹੇ ਕਹਿਣ ’ਤੇ ਜੀਂਦ ਦੇ ਕਿਸਾਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਆਪਣੀ ਕਣਕ ਦੀ ਫ਼ਸਲ ਨੂੰ ਬਰਬਾਦ ਕਰ ਦਿੱਤਾ।
ਕਿਸਾਨ ਵਲੋਂ ਅਜਿਹਾ ਕਰਨ ’ਤੇ ਟਿਕੈਤ ਨੇ ਕਿਹਾ ਕਿ ਕਿਸਾਨਾਂ ਨੂੰ ਅਜਿਹਾ ਕਰਨ ਲਈ ਨਹੀਂ ਕਿਹਾ ਸੀ। ਮੈਂ ਅਪੀਲ ਕਰਦਾ ਹਾਂ ਕਿ ਕਿਸਾਨ ਅਜਿਹਾ ਨਾ ਕਰਨ। ਮੈਂ ਕਿਹਾ ਸੀ ਕਿ ਜੇਕਰ ਫ਼ਸਲ ਦੀ ਵਾਢੀ ਕਾਰਨ ਸਰਕਾਰ, ਅੰਦੋਲਨ ਨੂੰ ਕਮਜ਼ੋਰ ਕਰ ਦੀ ਕੋਸ਼ਿਸ਼ ਕਰਦੀ ਹੈ ਤਾਂ ਅਸੀਂ ਫ਼ਸਲ ਤਿਆਗਣ ਲਈ ਤਿਆਰ ਹਾਂ। ਉਸ ਸਮੇਂ ਕੀ ਕਰਨਾ ਹੈ ਅਤੇ ਕਿਵੇਂ ਕਰਨਾ ਹੈ, ਉਹ ਦੱਸਿਆ ਜਾਵੇਗਾ, ਉਦੋਂ ਤੱਕ ਕੋਈ ਕਿਸਾਨ ਇਸ ਤਰ੍ਹਾਂ ਫ਼ਸਲ ਬਰਬਾਦ ਨਾ ਕਰੇ।
ਦੱਸਣਯੋਗ ਹੈ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਬੈਠੇ ਕਿਸਾਨਾਂ 26 ਫਰਵਰੀ ਨੂੰ ਤਿੰਨ ਮਹੀਨੇ ਹੋਣ ਵਾਲੇ ਹਨ। ਇਸ ਦਰਮਿਆਨ ਕਿਸਾਨਾਂ ਨੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਲਈ ਐਤਵਾਰ ਨੂੰ ਕੁੰਡਲੀ ਬਾਰਡਰ ’ਤੇ ਸੰਯੁਕਤ ਕਿਸਾਨ ਮੋਰਚੇ ਦੀ ਬੈਠਕ ਹੋਈ, ਜਿਸ ’ਚ ਅੱਗੇ ਦੀ ਰਣਨੀਤੀ ਵਿੱਢੀ ਗਈ ਹੈ। ਗੱਲਬਾਤ ’ਤੇ ਜਾਰੀ ਗਤੀਰੋਧ ’ਤੇ ਕਿਸਾਨ ਆਗੂਆਂ ਨੇ ਇਕ ਸੁਰ ’ਚ ਕਿਹਾ ਕਿ ਅਸੀਂ ਗੱਲਬਾਤ ਲਈ ਹਮੇਸ਼ਾ ਤਿਆਰ ਹਾਂ।