ਫਾਜ਼ਿਲਕਾ : ਅਬੋਹਰ ਵਿਧਾਨ ਸਭਾ ਹਲਕੇ ਤੋਂ ‘ਆਪ’ ਦੀ ਟਿਕਟ ਤੋਂ ਚੋਣ ਲੜਨ ਵਾਲੇ ਫਾਜ਼ਿਲਕਾ ਵਾਸੀ ਸੀਨੀਅਰ ‘ਆਪ’ ਆਗੂ ਅਤੁਲ ਨਾਗਪਾਲ ਦੀ ਸਥਾਨਕ ਰਿਹਾਇਸ਼ ਵਿਖੇ ਬੀਤੀ ਦੇਰ ਸ਼ਾਮ ਉਨ੍ਹਾਂ ਦੀ ਇਨੋਵਾ ਗੱਡੀ ਦੀ ਸਟੈਪਨੀ ਕੋਲ ਫਸਿਆ ਹੋਇਆ ਦੇਸੀ ਪੈਟਰੋਲ ਬੰਬ ਮਿਲਿਆ। ਬੰਬ ਮਿਲਣ ਤੋਂ ਕੁੱਝ ਸਮਾਂ ਪਹਿਲਾਂ ਹੀ ਨਾਗਪਾਲ ਦੇ ਘਰ ਤੋਂ ਪੰਜਾਬ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਵਰਕਰਾਂ ਨੂੰ ਮਿਲ ਕੇ ਅਤੇ ਚਾਹ ਪੀ ਕੇ ਗਏ ਸਨ। ਮਤਲਬ ਕਿ ਜਿੰਨਾ ਸਮਾਂ ਹਰਪਾਲ ਚੀਮਾ, ਨਾਗਪਾਲ ਦੀ ਰਿਹਾਇਸ਼ ’ਤੇ ਰਹੇ, ਉਸ ਸਮੇਂ ਉਨ੍ਹਾਂ ਦੀ ਗੱਡੀ ਅਤੇ ਉਹ ਉੱਥੇ ਹੀ ਸਨ।
ਜਾਣਕਾਰੀ ਦਿੰਦਿਆਂ ਨਾਗਪਾਲ ਨੇ ਦੱਸਿਆ ਕਿ ਹਰਪਾਲ ਚੀਮਾ ਨੇ ਫਾਜ਼ਿਲਕਾ ਪਿੰਡ ਨੂਰਸ਼ਾਹ ’ਚ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਹਰਜੀਤ ਸ਼ਾਹਰੀ ਦੀ ਅਗਵਾਈ ’ਚ ਵੱਡੀ ਗਿਣਤੀ ’ਚ ਲੋਕਾਂ ਨੂੰ ‘ਆਪ’ ’ਚ ਸ਼ਾਮਲ ਕਰਵਾਇਆ। ਇਸ ਮਗਰੋਂ ਹਰਪਾਲ ਚੀਮਾ ਪਿੰਡ ਹੀਰਾਂਵਾਲੀ ’ਚ ਪ੍ਰਸਤਾਵਿਤ ਸ਼ਰਾਬ ਫੈਕਟਰੀ ਦਾ ਵਿਰੋਧ ਕਰਨ ਲਈ ਕਿਸਾਨਾਂ ਦੇ ਧਰਨੇ ’ਤੇ ਗਏ ਸਨ।
ਇਸ ਤੋਂ ਮਗਰੋਂ ਦੇਰ ਸ਼ਾਮ ਚੀਮਾ ਉਨ੍ਹਾਂ ਦੇ ਘਰ ਚਾਹ ਪੀਣ ਅਤੇ ਵਰਕਰਾਂ ਨੂੰ ਮਿਲਣ ਲਈ ਆਏ ਸਨ। ਜਦੋਂ ਚੀਮਾ ਉਨ੍ਹਾਂ ਦੀ ਰਿਹਾਇਸ਼ ਤੋਂ ਚਲੇ ਗਏ ਤਾਂ ਉੱਥੇ ਹਾਜ਼ਰ ਇਕ ਵਿਅਕਤੀ ਨੇ ਉਨ੍ਹਾਂ ਦੀ ਇਨੋਵਾ ਗੱਡੀ ਦੇ ਹੇਠਾਂ ਲਟਕਦੀ ਹੋਈ ਇਕ ਬੋਤਲ ਵੇਖੀ।
ਉਨ੍ਹਾਂ ਇਸ ਦੀ ਇਤਲਾਹ ਨਾਗਪਾਲ ਨੂੰ ਦਿੱਤੀ, ਜਿਨ੍ਹਾਂ ਵੇਖਿਆ ਕਿ ਇਕ ਬੋਤਲ ’ਚ ਪੈਟਰੋਲ ਭਰਿਆ ਹੋਇਆ ਸੀ ਅਤੇ ਉਸ ਦੇ ਬਾਹਰ ਅਤੇ ਅੰਦਰ ਇਕ ਬੱਤੀ ਲਮਕ ਰਹੀ ਸੀ, ਜਿਸ ਨੂੰ ਬੰਨ੍ਹਿਆ ਹੋਇਆ ਸੀ ਅਤੇ ਉਹ ਸਟੈਪਨੀ ਕੋਲ ਲਟਕ ਰਹੀ ਸੀ। ਉਨ੍ਹਾਂ ਇਸ ਦੀ ਇਤਲਾਹ ਪੁਲਸ ਨੂੰ ਦਿੱਤੀ, ਜਿਹੜੀ ਕਿ ਇਸ ਦੀ ਪੜਤਾਲ ਕਰ ਰਹੀ ਹੈ।