ਅਕਾਲ ਤਖ਼ਤ ’ਤੇ ਸ੍ਰੀ ਨਨਕਾਣਾ ਸਾਹਿਬ ਦੀ ਸ਼ਤਾਬਦੀ ’ਤੇ ਗੁਰਮਤਿ ਸਮਾਗਮ, ਜਥੇਦਾਰ ਨੇ ਕੌਮ ਦੇ ਨਾਂ ਪੜ੍ਹਿਆ ਸੰਦੇਸ਼

ਅੰਮ੍ਰਿਤਸਰ – ਸ੍ਰੀ ਨਨਕਾਣਾ ਸਾਹਿਬ ਦੇ ਸਾਕੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਗੁਰਮਤਿ ਸਮਾਗਮ ਕਰਵਾਏ ਗਏ, ਜਿਸ ਵਿਚ ਰਾਗੀ ਜਥਿਆਂ ਭਾਈ ਹਰਪਿੰਦਰ ਸਿੰਘ ਦਿੱਲੀ ਅਤੇ ਭਾਈ ਬਖਸ਼ੀਸ਼ ਸਿੰਧ ਜਵੱਦੀ ਟਕਸਾਲ ਨੇ ਤੰਤੀ ਸਾਜ਼ਾਂ ਨਾਲ ਇਲਾਹੀ ਬਾਣੀ ਦਾ ਕੀਰਤਨ ਕੀਤਾ। ਪ੍ਰਸਿੱਧ ਕਥਾਵਾਚਕ ਭਾਈ ਪਿੰਦਰਪਾਲ ਸਿੰਘ ਨੇ ਸੰਗਤਾਂ ਨੂੰ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਇਤਿਹਾਸ ਤੋਂ ਜਾਣੂੰ ਕਰਵਾਇਆ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪੰਜ ਸਿੰਘ ਸਾਹਿਬਾਨ ਵੱਲੋਂ ਕੌਮ ਦੇ ਨਾਂ ਸੰਦੇਸ਼ ਪੜ੍ਹਦਿਆਂ ਕਿਹਾ ਕਿ 100 ਸਾਲ ਪਹਿਲਾਂ ਵਾਪਰਿਆ ਸ਼ਹੀਦੀ ਸਾਕਾ ਬਹੁਤ ਵੱਡਾ ਦੁਖਾਂਤ ਸੀ, ਜਿਸ ਦੌਰਾਨ 150 ਤੋਂ 200 ਸ਼ਹਾਦਤਾਂ ਹੋਈਆਂ। ਅੱਜ ਸਾਰੀ ਸਿੱਖ ਕੌਮ ਇਸਦੀ ਸ਼ਤਾਬਦੀ ਮਨਾਉਣ ਜਾ ਰਹੀ ਹੈ।
ਦੱਸ ਦੇਈਏ ਕਿ ਪਹਿਲਾਂ ਇਹ ਸਮਾਗਮ ਪਾਕਿਸਤਾਨ ਵਿਖੇ ਕਰਵਾਏ ਜਾਣੇ ਸਨ ਪਰ ਕੇਂਦਰ ਸਰਕਾਰ ਵੱਲੋਂ ਐਨ ਮੌਕੇ ’ਤੇ ਸੰਗਤਾਂ ਨੂੰ ਜਾਣ ਦੀ ਇਜਾਜ਼ਤ ਨਾ ਦੇਣ ਕਾਰਣ ਇਹ ਸਮਾਗਮ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਰਵਾਏ ਗਏ। ਸਿੰਘ ਸਾਹਿਬ ਨੇ ਸੰਦੇਸ਼ ਸੁਣਾਉਂਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਰੇਕ ਮੈਂਬਰ ਆਪਣੇ-ਆਪਣੇ ਹਲਕੇ ਵਿਚ ਇਕ ਮਹੀਨੇ ਦੇ ਅੰਦਰ-ਅੰਦਰ ਇਸ ਸਾਕੇ ਨੂੰ ਮਨਾਉਣ ਲਈ ਘੱਟੋ-ਘੱਟ ਪੰਜ ਸਮਾਗਮ ਕਰਵਾਏ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਰੇਕ ਮੈਂਬਰ ਆਪਣੇ ਚੋਣ ਹਲਕੇ ਵਿਚ ਇਕ ਮਹੀਨੇ ਦੇ ਅੰਦਰ-ਅੰਦਰ ਦੋ ਸਮਾਗਮ ਕਰਵਾਏ। ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ (ਬਿਹਾਰ) ਅਤੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਿਚਲ ਨਗਰ ਨੰਦੇੜ (ਮਹਾਰਾਸ਼ਟਰ) ਵੀ ਸਮਾਗਮ ਕਰਵਾਏਗਾ।
ਇਸ ਤੋਂ ਇਲਾਵਾ ਸ਼੍ਰੋਮਣੀ ਪੰਥ ਬੁੱਢਾ ਦਲ, ਦਮਦਮੀ ਟਕਸਾਲ, ਤਰਨਾ ਦਲ ਹਰੀਆਂ ਵੇਲਾਂ, ਤਰਨਾ ਦਲ ਬਾਬਾ ਬਕਾਲਾ, ਬਾਬਾ ਬਿਧੀ ਚੰਦ ਦਲ ਪੰਥ, ਸਮੂਹ ਨਿਹੰਗ ਸਿੰਘ ਜਥੇਬੰਦੀਆਂ, ਸਮੂਹ ਕਾਰ ਸੇਵਾ ਸੰਪਰਦਾਵਾਂ, ਚੀਫ਼ ਖਾਲਸਾ ਦੀਵਾਨ, ਖਾਲਸਾ ਕਾਲਜ ਚੈਰੀਟੇਬਲ ਸੋਸਾਇਟੀ, ਸ੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਸਮੂਹ ਸਿੱਖ ਮਿਸ਼ਨਰੀ ਕਾਲਜ, ਸ੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀਆਂ, ਸਮੂਹ ਸਿੰਘ ਸਭਾਵਾਂ, ਦੇਸ਼-ਵਿਦੇਸ਼ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ , ਸਥਾਨਕ ਪੱਧਰ ਦੀਆਂ ਸੰਸਥਾਵਾਂ, ਸਿੱਖ ਸਟੂਡੈਂਟਸ ਫੈੱਡਰੇਸ਼ਨ ਅਤੇ ਸਿੱਖ ਨੌਜਵਾਨ ਜਥੇਬੰਦੀਆਂ ਆਪਣੀ ਸਮਰੱਥਾ ਅਨੁਸਾਰ ਇਕ ਮਹੀਨਾ ਇਸ ਸਾਕੇ ਦੇ ਸ਼ਹੀਦਾਂ ਦੀ ਯਾਦ ਵਿਚ ਸਮਾਗਮ ਕਰਵਾਉਣ।
ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਗਿ. ਰਘਬੀਰ ਸਿੰਘ, ਗਿ. ਜਗਤਾਰ ਸਿੰਘ, ਬਲਵਿੰਦਰ ਸਿੰਘ ਜੌੜਾਸਿੰਘਾ, ਭਾਈ ਪਰਮਜੀਤ ਸਿੰਘ ਖਾਲਸਾ, ਗਿ. ਜਸਵੰਤ ਸਿੰਘ, ਜਰਨੈਲ ਸਿੰਘ ਡੋਗਰਾਂਵਾਲਾ, ਮਹਿੰਦਰ ਸਿੰਘ ਆਹਲੀ, ਸੁਖਦੇਵ ਸਿੰਘ ਭੂਰਾ, ਮੁਖਤਾਰ ਸਿੰਘ, ਕੁਲਵਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਕਾਹਲਵਾਂ ਆਦਿ ਹਾਜ਼ਰ ਸਨ।