ਨਵੀਂ ਦਿੱਲੀ— ਦਿੱਲੀ ਪੁਲਸ ਨੇ 20 ਹੋਰ ਲੋਕਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ, ਜੋ ਗਣਤੰਤਰ ਦਿਵਸ ’ਤੇ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਲਾਲ ਕਿਲ੍ਹੇ ’ਤੇ ਹੋਈ ਹਿੰਸਾ ’ਚ ਸ਼ਾਮਲ ਸਨ। ਫੇਸ ਐਨਾਲਿਸਿਸ ਜ਼ਰੀਏ ਇਨ੍ਹਾਂ ਦੀ ਪਛਾਣ ਕੀਤੀ ਗਈ ਹੈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਸੀਂ ਤਸਵੀਰਾਂ ਜਾਰੀ ਕੀਤੀਆਂ ਹਨ ਅਤੇ ਪਹਿਚਾਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਪੁਲਸ ਨੇ ਲਾਲ ਕਿਲ੍ਹਾ ’ਤੇ ਹੋਈ ਹਿੰਸਾ ਮਾਮਲੇ ਵਿਚ 200 ਲੋਕਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ। ਇਸ ਲਿਸਟ ਵਿਚ 20 ਨਵੇਂ ਦੋਸ਼ੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਹੁਣ ਕ੍ਰਾਈਮ ਬਰਾਂਚ ਦੀ ਟੀਮ ਇਨ੍ਹਾਂ ਦੀ ਗਿ੍ਰਫ਼ਤਾਰੀ ਦੀ ਤਿਆਰੀ ਵਿਚ ਹੈ।
ਦਰਅਸਲ ਗੁਜਰਾਤ ਤੋਈ ਆਈ ਵਿਸ਼ੇਸ਼ ਫੋਰੈਂਸਿਕ ਸਾਇੰਸ ਲੈਬੋਰਟਰੀ ਦੀ ਟੀਮ ਨੇ ਵਿਸ਼ੇਸ਼ ਤਕਨੀਕ ਤੋਂ ਹਿੰਸਾ ਵਿਚ ਸ਼ਾਮਲ ਲੋਕਾਂ ਦੀਆਂ ਤਸਵੀਰਾਂ-ਵੀਡੀਓ ਇਕੱਠੇ ਕੀਤੇ। ਉਸ ਤੋਂ ਬਾਅਦ ਉਨ੍ਹਾਂ ਤਸਵੀਰਾਂ ਦੀ ਪਹਿਚਾਣ ਕਰ ਕੇ ਉਸ ਦੀ ਜਾਣਕਾਰੀ ਦਿੱਲੀ ਪੁਲਸ ਦੇ ਅਧਿਕਾਰੀਆਂ ਨੂੰ ਸੌਂਪ ਰਹੀ ਹੈ। ਇਸੇ ਆਧਾਰ ’ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਕੇਂਦਰ ਦੇ ਨਵੇਂ ਖੇਤੀ ਕਾਨੂੰਨਾਂ ਨੂੰ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਸਰਕਾਰ ’ਤੇ ਦਬਾਅ ਬਣਾਉਣ ਲਈ ਕਿਸਾਨਾਂ ਨੇ 26 ਜਨਵਰੀ ਨੂੰ ਟਰੈਕਟਰ ਪਰੇਡ ਕੱਢੀ ਸੀ। ਇਸ ਦੌਰਾਨ ਕਿਸਾਨਾਂ ਅਤੇ ਪੁਲਸ ਵਿਚਾਲੇ ਝੜਪ ਹੋਈ ਸੀ। ਇਸ ਹਿੰਸਕ ਝੜਪ ਵਿਚ 400 ਤੋਂ ਵਧੇਰੇ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ ਸਨ। ਇਸ ਵਿਚ ਇਕ ਪ੍ਰਦਰਸ਼ਨਕਾਰੀ ਦੀ ਮੌਤ ਹੋ ਗਈ ਸੀ। ਕੁਝ ਪ੍ਰਦਰਸ਼ਨਕਾਰੀ ਟਰੈਕਟਰ ਲੈ ਕੇ ਲਾਲ ਕਿਲ੍ਹਾ ਪਹੁੰਚ ਗਏ ਸਨ।
ਲਾਲ ਕਿਲ੍ਹਾ ਦੀ ਫਸੀਲ ਤੋਂ ਕੇਸਰੀ ਝੰਡਾ ਲਹਿਰਾ ਦਿੱਤਾ ਸੀ। ਲਾਲ ਕਿਲ੍ਹਾ ਹਿੰਸਾ ਮਾਮਲੇ ’ਚ ਪੁਲਸ ਹੁਣ ਤੱਕ 150 ਤੋਂ ਵਧੇਰੇ ਲੋਕਾਂ ਨੂੰ ਗਿ੍ਰ੍ਰਫ਼ਤਾਰ ਕਰ ਚੁੱਕੀ ਹੈ। ਇਨ੍ਹਾਂ ਵਿਚ ਪੰਜਾਬੀ ਅਦਾਕਾਰ ਦੀਪ ਸਿੱਧੂ, ਇਕਬਾਲ ਸਿੰਘ ਅਤੇ ਮਨਿੰਦਰ ਸਿੰਘ ਸ਼ਾਮਲ ਹਨ।