ਨਵੀਂ ਦਿੱਲੀ- ਦਿੱਲੀ ਸਰਕਾਰ ਨੇ ਨਰਸਰੀ, ਕਿੰਡਰ ਗਾਰਡਨ (ਕੇ.ਜੀ.) ਅਤੇ ਪਹਿਲੀ ਜਮਾਤ ‘ਚ ਦਾਖ਼ਲੇ ਲਈ ਬੱਚੇ ਦੀ ਉਮਰ ‘ਚ 30 ਦਿਨ ਤੱਕ ਦੀ ਛੋਟ ਦਿੱਤੀ ਹੈ। ਯਾਨੀ ਇਨ੍ਹਾਂ ਕਲਾਸਾਂ ‘ਚ ਦਾਖ਼ਲੇ ਲਈ ਜੋ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਉਮਰ ਹੱਦ ਹੈ, ਉਸ ‘ਚ 30 ਦਿਨ ਤੱਕ ਦੀ ਛੋਟ ਦਿੱਤੀ ਜਾ ਸਕਦੀ ਹੈ। ਜੇਕਰ ਮਾਤਾ-ਪਿਤਾ ਇਸ ਤਰ੍ਹਾਂ ਦੀ ਛੋਟ ਚਾਹੁੰਦੇ ਹਨ ਤਾਂ ਸੰਬੰਧਤ ਸਕੂਲ ਦੇ ਪ੍ਰਿੰਸੀਪਲ ਨੂੰ ਲਿਖਤੀ ਅਰਜ਼ੀ ਦੇਣੀ ਹੋਵੇਗੀ। ਦੱਸਣਯੋਗ ਹੈ ਕਿ ਦਿੱਲੀ ‘ਚ 18 ਫਰਵਰੀ ਤੋਂ ਐਂਟਰੀ ਲੇਵਲ ਕਲਾਸ (ਨਰਸਰੀ/ਕੇ.ਜੀ./ਪਹਿਲੀ ਜਮਾਤ) ਲਈ ਦਾਖ਼ਲੇ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
ਨਿਯਮਾਂ ਅਨੁਸਾਰ ਐਂਟਰੀ ਲੇਵਲ ਕਲਾਸ ‘ਚ ਦਾਖ਼ਲੇ ਲਈ ਉਮਰ ਤੈਅ ਕੀਤੀ ਗਈ ਹੈ। ਜਿਸ ਅਨੁਸਾਰ ਨਰਸਰੀ ‘ਚ ਦਾਖ਼ਲੇ ਲਈ 31 ਮਾਰਚ 2021 ਨੂੰ ਬੱਚੇ ਦੀ ਉਮਰ 3 ਸਾਲ ਤੋਂ ਵੱਧ ਪਰ 4 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਕੇ.ਜੀ. ‘ਚ ਦਾਖ਼ਲੇ ਲਈ 31 ਮਾਰਚ 2021 ਨੂੰ ਬੱਚੇ ਦੀ ਉਮਰ 4 ਸਾਲ ਤੋਂ ਵੱਧ ਪਰ 5 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਉੱਥੇ ਹੀ ਪਹਿਲੀ ਜਮਾਤ ‘ਚ ਦਾਖ਼ਲੇ ਲਈ 31 ਮਾਰਚ 2021 ਨੂੰ ਬੱਚੇ ਦੀ ਉਮਰ 5 ਸਾਲ ਤੋਂ ਵੱਧ ਪਰ 6 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਇਸੇ ਘੱਟੋ-ਘੱਟ ਅਤੇ ਵੱਧ ਤੋਂ ਵੱਧ ਉਮਰ ਹੱਦ ‘ਚ 30 ਦਿਨ ਦੀ ਛੋਟ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਦਿੱਲੀ ਸਿੱਖਿਆ ਡਾਇਰੈਕਟੋਰੇਟ ਦੇ ਨਿਰਦੇਸ਼ਾਂ ਅਨੁਸਾਰ, ਰਾਸ਼ਟਰੀ ਰਾਜਧਾਨੀ ਦੇ ਸਕੂਲਾਂ ਨੇ ਆਪਣੀਆਂ ਅਧਿਕਾਰਤ ਵੈੱਬਸਾਈਟਾਂ ‘ਤੇ ਆਪਣੇ ਪ੍ਰਵੇਸ਼ ਮਾਨਦੰਡ ਪ੍ਰਕਾਸ਼ਿਤ ਕਰ ਦਿੱਤੇ ਹਨ। ਦਿੱਲੀ ‘ਚ ਲਗਭਗ 1700 ਸਕੂਲ 18 ਫਰਵਰੀ ਤੋਂ ਦਾਖ਼ਲਾ ਪ੍ਰਕਿਰਿਆ ਸ਼ੁਰੂ ਕਰ ਚੁਕੇ ਹਨ। ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਨਰਸਰੀ, ਕੇ.ਜੀ. ਅਤੇ ਪਹਿਲੀ ਜਮਾਤ ‘ਚ ਦਾਖ਼ਲੇ ਲਈ ਆਪਣੀ ਪਸੰਦ ਦੇ ਸਕੂਲਾਂ ‘ਚ ਰਜਿਸਟਰਡ ਕਰ ਸਕਦੇ ਹਨ।