ਫਰਿਜ਼ਨੋ, – ਸੰਯੁਕਤ ਸੂਬੇ ਦੇ ਇਕ ਵਿਸ਼ਾਲ ਹਿੱਸੇ ਵਿਚ ਸਰਦੀਆਂ ਦਾ ਬਰਫੀਲਾ ਤੂਫ਼ਾਨ ਕੋਰੋਨਾ ਵਾਇਰਸ ਟੀਕਾਕਰਨ ਮੁਹਿੰਮ ਵਿਚ ਵੀ ਰੁਕਾਵਟ ਪਾ ਰਿਹਾ ਹੈ। ਇਸ ਮਾਮਲੇ ਬਾਰੇ ਬੀਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ (ਸੀ.ਡੀ.ਸੀ) ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਇਸ ਤਰ੍ਹਾਂ ਦਾ ਖ਼ਰਾਬ ਮੌਸਮ ਅਗਲੇ ਕੁੱਝ ਦਿਨਾਂ ਤੱਕ ਵੀ ਟੀਕਾਕਰਨ ਵਿਚ ਦੇਰੀ ਦਾ ਕਾਰਨ ਬਣ ਸਕਦਾ ਹੈ।
ਟੀਕਾ ਸਪਲਾਈ ਕੰਪਨੀਆਂ ਯੂ. ਪੀ. ਐੱਸ. ਅਤੇ ਫੇਡੈਕਸ ਵੱਲੋਂ ਮੌਸਮ ਖ਼ਰਾਬੀ ਦੇ ਨਤੀਜੇ ਵਜੋਂ, ਟੀਕਿਆਂ ਦੀ ਸਪਲਾਈ ਰੋਕਣ ਨਾਲ ਟੀਕਾਕਰਨ ਕੇਂਦਰ ਕੋਰੋਨਾ ਟੀਕਾ ਲਗਾਉਣ ਲਈ ਜਾਰੀ ਕੀਤੀਆਂ ਮੁਲਾਕਾਤਾਂ ਨੂੰ ਰੱਦ ਕਰ ਰਹੇ ਹਨ। ਸਰਦੀਆਂ ਦੇ ਤੂਫ਼ਾਨ ਨੇ ਪਹਿਲਾਂ ਹੀ ਕਈ ਮੁੱਖ ਟੀਕਾ ਵੰਡ ਦੇ ਕੇਂਦਰਾਂ ਦੀ ਗਤੀਵਿਧੀ ਨੂੰ ਟੀਕਾ ਸਪਲਾਈ ਨਾ ਮਿਲਣ ਕਾਰਨ ਬੰਦ ਕਰ ਦਿੱਤਾ ਹੈ ।
ਸੀ.ਡੀ.ਸੀ. ਨੇ ਇਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਮੈਮਫਿਸ, ਟੇਨੇਸੀ ਵਿਚ ਫੇਡੈਕਸ ਅਤੇ ਲੂਇਸਵਿਲ, ਕੈਂਟਕੀ ਵਿਚ ਯੂ. ਪੀ. ਐੱਸ. ਕੰਪਨੀਆਂ ਵਲੋਂ ਕੇਂਦਰਾਂ ਵਿਚ ਟੀਕਾ ਭੇਜਣ ਦੀ ਪ੍ਰਕਿਰਿਆ ਵਿਚ ਵਿਘਨ ਪਿਆ ਹੈ ਜਦਕਿ ਕੰਪਨੀਆਂ ਅਨੁਸਾਰ ਗਾਹਕਾਂ ਨਾਲ ਉਨ੍ਹਾਂ ਦੀ ਸੁਰੱਖਿਅਤ ਆਵਾਜਾਈ ਅਤੇ ਸਪੁਰਦਗੀ ਨੂੰ ਯਕੀਨੀ ਬਣਾਉਣ ਵਿਚ ਸਹਾਇਤਾ ਕਰਨ ਲਈ ਸਿੱਧੇ ਤੌਰ ‘ਤੇ ਕੰਮ ਕੀਤਾ ਜਾ ਰਿਹਾ ਹੈ। ਹਾਲਾਂਕਿ ਤੂਫ਼ਾਨ ਕਾਰਨ ਲੋਕ ਪ੍ਰਭਾਵਿਤ ਹੋ ਰਹੇ ਹਨ। ਕੰਪਨੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਹ ਹੋਰ ਢੁੱਕਵੇ ਤਰੀਕਿਆਂ ਨਾਲ ਟੀਕਿਆਂ ਦੀ ਵੰਡ ਕਰਨ ਨੂੰ ਤਰਜੀਹ ਦੇ ਰਹੇ ਹਨ।