ਫ਼ਿਰੋਜ਼ਪੁਰ – ਫਿਰੋਜ਼ਪੁਰ ਭਾਰਤ ਪਾਕਿ ਸਰਹੱਦ ’ਤੇ ਬੀ.ਐੱਸ.ਐੱਫ. ਦੇ ਜਵਾਨਾਂ ਨੇ 10 ਕਿੱਲੋ ਹੈਰੋਇਨ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਬਰਾਮਦ ਹੋਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਕਰੀਬ 50 ਕਰੋੜ ਰੁਪਏ ਦੱਸੀ ਜਾ ਰਹੀ ਹੈ, ਜਿਸ ਨੂੰ ਅਧਿਕਾਰੀਆਂ ਨੇ ਆਪਣੇ ਕਬਜ਼ੇ ’ਚ ਲੈ ਲਿਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਾਕਿ ਵਾਲੇ ਪਾਸੇ ਤੋਂ ਬੀ.ਐੱਸ.ਐੱਫ. ਦੇ ਜਵਾਨਾਂ ਨੇ ਘਣੀ ਧੁੰਦ ਦੌਰਾਨ ਫੈਂਸਿੰਗ ਦੇ ਨੇੜੇ ਅਜੀਬ ਤਰ੍ਹਾਂ ਦੀ ਹਲਚਲ ਵੇਖੀ। ਬੀਓਪੀ ਗੱਟੀ ਹਯਾਤ ਦੇ ਏਰੀਆ ਵਿਚ ਸਰਹੱਦ ’ਤੇ ਤਾਇਨਾਤ 29 ਬਟਾਲੀਅਨ ਦੇ ਬੀ.ਐੱਸ.ਐੱਫ. ਦੇ ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸਿਓਂ ਫੈਂਸਿੰਗ ਵੱਲ ਵਧ ਰਹੇ ਪਾਕਿਸਤਾਨੀ ਸਮੱਗਲਰਾਂ ਨੂੰ ਲਲਕਾਰਿਆ ਅਤੇ ਜਦੋਂ ਉਹ ਨਹੀਂ ਰੁਕੇ ਤਾਂ ਮਜਬੂਰ ਹੋ ਕੇ ਬੀ.ਐੱਸ.ਐੱਫ. ਨੂੰ ਗੋਲੀਆਂ ਚਲਾਉਣੀਆਂ ਪਈਆਂ।
ਸਮੱਗਲਰ ਸੰਘਣੀ ਧੁੰਦ ਦਾ ਫ਼ਾਇਦਾ ਉਠਾਉਂਦੇ ਹੋਏ ਫੈਂਸਿੰਗ ਤੋਂ ਹੈਰੋਇਨ ਦੇ ਪੈਕੇਟ ਭਾਰਤੀ ਸਰਹੱਦ ਵਿੱਚ ਸੁੱਟ ਕੇ ਵਾਪਸ ਭੱਜ ਗਏ। ਬੀ.ਐੱਸ.ਐੱਫ. ਦੀ 29 ਬਟਾਲੀਅਨ ਦੇ ਜਵਾਨਾਂ ਵੱਲੋਂ ਜਦੋਂ ਇਸ ਏਰੀਆ ਵਿੱਚ ਸਪੈਸ਼ਲ ਸਰਚ ਆਪ੍ਰੇਸ਼ਨ ਚਲਾਇਆ ਗਿਆ ਤਾਂ ਉਥੇ ਉਨ੍ਹਾਂ ਨੂੰ ਹੈਰੋਇਨ ਦੇ 10 ਪੈਕੇਟ ਬਰਾਮਦ ਹੋਏ, ਜਿਨ੍ਹਾਂ ਦਾ ਭਾਰ ਕਰੀਬ 10 ਕਿੱਲੋ ਦੱਸਿਆ ਜਾ ਰਿਹਾ ਹੈ। ਖ਼ਬਰ ਲਿਖੇ ਜਾਣ ਤੱਕ ਬੀ.ਐੱਸ.ਐੱਫ. ਨੇ ਸਰਚ ਆਪਰੇਸ਼ਨ ਜਾਰੀ ਰੱਖਿਆ।