ਨਵੀਂ ਦਿੱਲੀ- ਕਿਸਾਨ ਅੰਦੋਲਨ ਨਾਲ ਜੁੜੇ ਟੂਲਕਿੱਟ ਮਾਮਲੇ ‘ਚ ਜਲਵਾਯੂ ਵਰਕਰ ਦਿਸ਼ਾ ਰਵੀ ਦੀ ਗ੍ਰਿਫ਼ਤਾਰੀ ‘ਤੇ ਉੱਠ ਰਹੇ ਸਵਾਲਾਂ ਨੂੰ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਖਤ ਟਿੱਪਣੀ ਕੀਤੀ ਹੈ। ਸ਼ਾਹ ਨੇ ਕਿਹਾ ਕਿ ਜੇਕਰ ਕੋਈ ਕ੍ਰਾਈਮ ਕਰਦਾ ਹੈ ਤਾਂ ਕੀ ਉਸ ਦੀ ਉਮਰ ਦੇ ਆਧਾਰ ‘ਤੇ ਕਾਰਵਾਈ ਹੋਣੀ ਚਾਹੀਦੀ? ਟੀਵੀ ਚੈਨਲ ‘ਤੇ ਇਕ ਪ੍ਰੋਗਰਾਮ ਦੌਰਾਨ ਸ਼ਾਹ ਤੋਂ ਇਸ ਸੰਬੰਧ ‘ਚ ਸਵਾਲ ਕੀਤਾ ਗਿਆ। ਉਦੋਂ ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਅਪਰਾਧ ਕਰਦਾ ਹੈ ਤਾਂ ਕੀ ਗ੍ਰਿਫ਼ਤਾਰੀ ਤੋਂ ਪਹਿਲਾਂ ਉਸ ਦੀ ਉਮਰ ਪੁੱਛੀ ਜਾਣੀ ਚਾਹੀਦੀ ਹੈ? ਉਸ ਦਾ ਪ੍ਰੋਫੈਸ਼ਨ ਪੁੱਛਿਆ ਜਾਣਾ ਚਾਹੀਦਾ? ਉਹ ਕਿਸ ਸੰਗਠਨ ਨਾਲ ਜੁੜਿਆ ਹੈ ਇਹ ਪੁੱਛਿਆ ਜਾਣਾ ਚਾਹੀਦਾ? ਜਾਂ ਇਹ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਸ ਨੇ ਅਪਰਾਧ ਕੀਤਾ ਹੈ ਜਾਂ ਨਹੀਂ?
ਸ਼ਾਹ ਨੇ ਕਿਹਾ ਕਿ ਕੀ ਜੈਂਡਰ, ਪ੍ਰੋਫੈਸ਼ਨ ਅਤੇ ਉਮਰ ਦੇ ਆਧਾਰ ‘ਤੇ ਤੈਅ ਹੋਵੇਗਾ ਐੱਫ.ਆਈ.ਆਰ. ਹੋਵੇਗੀ ਜਾਂ ਨਹੀਂ? ਜਾਂ ਕਿਸੇ ਨੇ ਅਪਰਾਧ ਕੀਤਾ ਹੈ ਜਾਂ ਨਹੀਂ ਇਸ ਆਧਾਰ ‘ਤੇ ਐੱਫ.ਆਈ.ਆਰ. ਕੀਤੀ ਜਾਵੇਗੀ? ਸ਼ਾਹ ਨੇ ਕਿਹਾ ਕਿ ਇਹ ਇਕ ਨਵਾਂ ਫੈਸ਼ਨ ਜਿਹਾ ਚੱਲ ਪਿਆ ਹੈ। ਇਸ ਦੇਸ਼ ‘ਚ ਅਦਾਲਤ ਹੈ ਜਾਂ ਨਹੀਂ? ਜੇਕਰ ਕੋਈ ਐੱਫ.ਆਈ.ਆਰ. ਗਲਤ ਵੀ ਹੈ ਤਾਂ ਉਸ ਵਿਰੁੱਧ ਕੋਰਟ ਜਾ ਸਕਦੇ ਹਾਂ।
ਇਸ ਦੇ ਨਾਲ ਹੀ ਦਿੱਲੀ ਪੁਲਸ ਬਾਰੇ ਸ਼ਾਹ ਨੇ ਕਿਹਾ ਕਿ ਅਧਿਕਾਰੀਆਂ ਨੂੰ ਕੋਈ ਖ਼ਾਸ ਨਿਰਦੇਸ਼ ਇਸ ਕੇਸ ਨੂੰ ਲੈ ਕੇ ਨਹੀਂ ਦਿੱਤੇ ਗਏ ਹਨ, ਜਿਸ ਨਾਲ ਕਿ ਕਾਨੂੰਨ ‘ਚ ਕੁਝ ਤੋੜ-ਮਰੋੜ ਕਰਨੀ ਪਈ। ਦਿੱਲੀ ਪੁਲਸ ਸੰਵਿਧਾਨ ਦੇ ਅਧੀਨ ਕੰਮ ਕਰ ਰਹੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਆਈ.ਪੀ.ਐੱਸ. ਅਧਿਕਾਰੀ ਪ੍ਰੋਫੈਸ਼ਨਲ ਤਰੀਕੇ ਨਾਲ ਕੰਮ ਕਰ ਰਹੇ ਹਨ। ਸਾਨੂੰ ਉਨ੍ਹਾਂ ਦੀ ਜਾਂਚ ‘ਤੇ ਪੂਰਾ ਭਰੋਸਾ ਹੈ। ਅਮਿਤ ਸ਼ਾਹ ਨੇ ਦਿਸ਼ਾ ਰਵੀ ਦੀ ਉਮਰ ਨੂੰ ਲੈ ਕੇ ਸਵਾਲ ਚੁੱਕਣ ਵਾਲਿਆਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ 21-22 ਸਾਲ ਦੇ ਨਾ ਜਾਣੇ ਕਿੰਨੇ ਨੌਜਵਾਨ ਹੋਣਗੇ, ਜਿਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤਾਂ ਇਸ ਮਾਮਲੇ ‘ਚ ਹੀ ਕਿਉਂ ਸਵਾਲ ਚੁੱਕਿਆ ਜਾ ਰਿਹਾ ਹੈ।