ਚੰਡੀਗੜ੍ਹ : ਫ਼ਰੀਦਕੋਟ ਵਿਚ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਲਾਲ ਸਿੰਘ ਭਲਵਾਨ ਦੇ ਕਤਲ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੰਭੀਰ ਨੋਟਿਸ ਲੈਂਦੇ ਹੋਏ ਡੀ. ਜੀ. ਪੀ. ਨੂੰ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ। ਮੁੱਖ ਮੰਤਰੀ ਨੇ ਆਖਿਆ ਕਿ ਗੁਰਲਾਲ ਸਿੰਘ ਦੇ ਕਤਲ ਨਾਲ ਸਦਮਾ ਪਹੁੰਚਿਆ ਹੈ। ਘਟਨਾ ਦੀ ਤੇਜ਼ ਜਾਂਚ ਨੂੰ ਯਕੀਨੀ ਬਨਾਉਣ ਅਤੇ ਇਸ ਘਿਨਾਉਣੇ ਕੰਮ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਫੜਨ ਲਈ ਡੀ. ਜੀ. ਪੀ. ਪੰਜਾਬ ਦਿਨਕਰ ਗੁਪਤਾ ਨੂੰ ਹੁਕਮ ਦਿੱਤੇ ਗਏ ਹਨ। ਮੁੱਖ ਮੰਤਰੀ ਨੇ ਆਖਿਆ ਕਿ ਇਸ ਕਤਲ ਕਾਂਡ ਦੇ ਮੁਲਜ਼ਮਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਇੰਝ ਵਾਪਰੀ ਸੀ ਵਾਰਦਾਤ
ਕੋਟਕਪੂਰਾ ਰੋਡ ’ਤੇ ਦੋ ਅਣਪਛਾਤੇ ਵਿਅਕਤੀਆਂ ਨੇ ਵੀਰਵਾਰ ਦੁਪਹਿਰ ਫਰੀਦਕੋਟ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ 40 ਸਾਲਾ ਗੁਰਲਾਲ ਸਿੰਘ ਭਲਵਾਨ ਨੂੰ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਘਟਨਾ ਸਮੇਂ ਗੁਰਲਾਲ ਆਪਣ ਕਾਰ ਵਿਚ ਬੈਠਣ ਲੱਗਾ ਸੀ ਤਾਂ ਹਮਲਾਵਰਾਂ ਨੇ ਉਸ ’ਤੇ ਲਗਭਗ 12-13 ਫਾਇਰ ਕੀਤੇ, ਜਿਨ੍ਹਾਂ ਵਿਚੋਂ 5 ਗੋਲ਼ੀਆਂ ਗੁਰਲਾਲ ਨੂੰ ਲੱਗੀਆਂ, ਜਿਸ ਕਾਰਨ ਉਹ ਸੜਕ ’ਤੇ ਡਿੱਗ ਗਿਆ ਜਦਕਿ ਇਕ ਗੋਲ਼ੀ ਗੁਰਲਾਲ ਦੇ ਸਿਰ ਨੂੰ ਚੀਰਦੀ ਹੋਈ ਆਰਪਾਰ ਹੋ ਗਈ। ਹਸਪਤਾਲ ਵਿਚ ਡਾਕਟਰਾਂ ਨੇ ਗੁਰਲਾਲ ਨੂੰ ਮ੍ਰਿਤਕ ਐਲਾਨ ਦਿੱਤਾ। ਵਾਰਦਾਤ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ।