ਸ਼੍ਰੀਨਗਰ- ਕਸ਼ਮੀਰ ਘਾਟੀ ‘ਚ ਸ਼ੁੱਕਰਵਾਰ ਨੂੰ ਸੁਰੱਖਿਆ ਫ਼ੋਰਸਾਂ ਨਾਲ 2 ਵੱਖ-ਵੱਖ ਮੁਕਾਬਲਿਆਂ ‘ਚ ਤਿੰਨ ਅੱਤਵਾਦੀਆਂ ਦੀ ਮੌਤ ਹੋ ਗਈ, ਜਦੋਂ ਕਿ ਜੰਮੂ ਕਸ਼ਮੀਰ ਪੁਲਸ ਦੇ ਇਕ ਵਿਸ਼ੇਸ਼ ਪੁਲਸ ਅਧਿਕਾਰੀ (ਐੱਸ.ਪੀ.ਓ.) ਸ਼ਹੀਦ ਹੋ ਗਏ ਅਤੇ ਇਕ ਕਾਂਸਟੇਬਲ ਜ਼ਖਮੀ ਹੋ ਗਿਆ। ਅਧਿਕਾਰਤ ਸੂਤਰਾਂ ਅਨੁਸਾਰ ਅੱਤਵਾਦੀਆਂ ਦੀ ਮੌਜੂਦਗੀ ਦੀ ਖੁਫ਼ੀਆ ਸੂਚਨਾ ਦੇ ਆਧਾਰ ‘ਤੇ ਰਾਸ਼ਟਰੀ ਰਾਈਫ਼ਲ, ਕੇਂਦਰੀ ਰਿਜ਼ਰਵ ਪੁਲਸ ਫੋਰਸ ਅਤੇ ਜੰਮੂ ਕਸ਼ਮੀਰ ਪੁਲਸ ਦੇ ਵਿਸ਼ੇਸ਼ ਮੁਹਿੰਮ ਸਮੂਹ ਨੇ ਦੱਖਣੀ ਕਸ਼ਮੀਰ ‘ਚ ਸ਼ੋਪੀਆਂ ਜ਼ਿਲ੍ਹੇ ਦੇ ਬਾਦਿਗਾਮ ਪਿੰਡ ‘ਚ ਸਾਂਝੀ ਘੇਰਾਬੰਦੀ ਅਤੇ ਤਲਾਸ਼ ਮੁਹਿੰਮ ਸ਼ੁਰੂ ਕੀਤੀ।
ਸੁਰੱਖਿਆ ਫੋਰਸ ਦੇ ਜਵਾਨ ਪਿੰਡ ‘ਚ ਸ਼ੱਕੀ ਇਲਾਕੇ ਵੱਲ ਵੱਧ ਰਹੇ ਸਨ, ਉਦੋਂ ਅੱਤਵਾਦੀਆਂ ‘ਤੇ ਗੋਲੀਬਾਰੀ ਕੀਤੀ। ਜਵਾਬੀ ਕਾਰਵਾਈ ‘ਚ ਸੁਰੱਖਿਆ ਫ਼ੋਰਸਾਂ ਨੇ ਵੀ ਗੋਲੀਆਂ ਚਲਾਈਆਂ। ਦੋਹਾਂ ਪੱਖਾਂ ਵਿਚਾਲੇ ਮੁਕਾਬਲੇ ‘ਚ ਹੁਣ ਤੱਕ 3 ਅੱਤਵਾਦੀਆਂ ਦੇ ਮਾਰੇ ਜਾਣ ਦੀ ਰਿਪੋਰਟ ਹੈ। ਮੌਕੇ ‘ਤੇ ਕਾਫ਼ੀ ਗਿਣਤੀ ‘ਚ ਹਥਿਆਰ ਅਤੇ ਵਿਸਫ਼ੋਟਕ ਵੀ ਬਰਾਮਦ ਕੀਤੇ ਗਏ ਹਨ। ਮੱਧ ਕਸ਼ਮੀਰ ‘ਚ ਬੜਗਾਮ ਜ਼ਿਲ੍ਹੇ ਦੇ ਬੀਰਵਾਹ ‘ਚ ਇਸੇ ਤਰ੍ਹਾਂ ਦੀ ਹੋਰ ਮੁਹਿੰਮ ਦੌਰਾਨ ਸੰਯੁਕਤ ਫ਼ੋਰਸਾਂ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲੇ ‘ਚ ਐੱਸ.ਪੀ.ਓ. ਮੁਹੰਮਦ ਅਲਤਾਫ਼ ਸ਼ਹੀਦ ਹੋ ਗਏ ਅਤੇ ਪੁਲਸ ਕਾਂਸਟੇਬਲ ਮੰਜ਼ੂਰ ਅਹਿਮਦ ਜ਼ਖਮੀ ਹੋ ਗਏ। ਅੰਤਿਮ ਰਿਪੋਰਟ ਮਿਲਣ ਤੱਕ ਦੋਹਾਂ ਸਥਾਨਾਂ ‘ਤੇ ਮੁਕਾਬਲਾ ਜਾਰੀ ਸੀ।