ਫ਼ਿਲਮ ਸਨਅਤ ‘ਚ ਮੇਰੀ ਬਹੁਤੀ ਮੰਗ ਨਹੀਂ – ਮਾਹੀ ਗਿੱਲ

ਅਦਾਕਾਰਾ ਮਾਹੀ ਗਿੱਲ ਨੂੰ ਲੱਗਦਾ ਹੈ ਕਿ ਫ਼ਿਲਮ ਸਨਅਤ ‘ਚ ਉਸ ਦੀ ਜ਼ਿਆਦਾ ਮੰਗ ਨਹੀਂ ਅਤੇ ਹਿੱਟ ਫ਼ਿਲਮਾਂ ਦੇਣ ਦਾ ਦਬਾਅ ਵੱਡੇ ਅਦਾਕਾਰਾਂ ਨੂੰ ਹੀ ਵਧੇਰੇ ਡਰਾਉਂਦਾ ਹੈ। ਮਾਹੀ ਗਿੱਲ ਨੇ ਕਿਹਾ, ”ਮੈਂ ਇਹ ਆਪਣੇ ਬਾਰੇ ਕਹਿ ਰਹੀ ਹਾਂ ਕਿ ਫ਼ਿਲਮ ਸਨਅਤ ‘ਚ ਮੇਰੀ ਇੰਨੀ ਮੰਗ ਨਹੀਂ ਕਿ ਮੈਂ ਆਪਣੇ ਦਮ ‘ਤੇ ਕੋਈ ਫ਼ਿਲਮ ਚਲਾ ਸਕਾਂ।” ਉਸ ਨੇ ਕਿਹਾ, ”ਵੱਡੇ ਅਦਾਕਾਰਾਂ ਨੂੰ ਅਜਿਹਾ ਡਰ ਸਤਾਉਂਦਾ ਹੈ। ਆਪਣੇ ਦਮ ‘ਤੇ ਫ਼ਿਲਮ ਹਿੱਟ ਕਰਨ ਦਾ ਡਰ ਵੱਡੇ ਅਦਾਕਾਰਾਂ ਨੂੰ ਹੁੰਦਾ ਹੈ।” ਮਾਹੀ ਉਨ੍ਹਾਂ ਕਲਾਕਾਰਾਂ ‘ਚ ਆਪਣੀ ਥਾਂ ਬਣਾ ਕੇ ਰੱਖਣਾ ਚਾਹੁੰਦੀ ਹੈ ਜਿਨ੍ਹਾਂ ਲਈ ਬੌਕਸ ਆਫ਼ਿਸ ਦੇ ਦਬਾਅ ਨਾਲੋਂ ਉਨ੍ਹਾਂ ਦਾ ਪ੍ਰਦਰਸ਼ਨ ਵਧੇਰੇ ਮਾਅਨੇ ਰੱਖਦਾ ਹੈ। ਉਸ ਨੇ ਕਿਹਾ, ”ਜੇ ਤੁਹਾਡੀ ਫ਼ਿਲਮ ਵਧੇਰੇ ਨਹੀਂ ਚੱਲਦੀ, ਪਰ ਅਦਾਕਾਰ ਵਜੋਂ ਤੁਹਾਡਾ ਕੰਮ ਸਰਾਹਿਆ ਜਾਂਦਾ ਹੈ ਤਾਂ ਤੁਹਾਨੂੰ ਕੰਮ ਮਿਲਦਾ ਰਹਿੰਦਾ ਹੈ।” ਦੱਸਣਯੋਗ ਹੈ ਕਿ ਮਾਹੀ ਗਿੱਲ ਨੇ 2003 ‘ਚ ਹਵਾਏਂ ਫ਼ਿਲਮ ਨਾਲ ਬੌਲੀਵੁਡ ‘ਚ ਕਦਮ ਰੱਖਿਆ ਸੀ, ਪਰ 2009 ‘ਚ ਰਿਲੀਜ਼ ਹੋਈ ਅਨੁਰਾਗ ਕਸ਼ਿਅਪ ਦੀ ਫ਼ਿਲਮ ਦੇਵ ਡੀ ‘ਚ ਨਿਭਾਈ ਪਾਰੋ ਦੀ ਭੂਮਿਕਾ ਨੇ ਉਸ ਨੂੰ ਪਛਾਣ ਦਿਵਾਈ ਸੀ। ਇਸ ਤੋਂ ਇਲਾਵਾ ਸਾਹਿਬ, ਬੀਵੀ ਔਰ ਗੈਂਗਸਟਰ, ਸਾਹਿਬ, ਬੀਵੀ ਔਰ ਗੈਂਗਸਟਰ ਰਿਟਰਨਜ਼ ਅਤੇ ਗ਼ੁਲਾਲ ‘ਚ ਵੀ ਉਸ ਦਾ ਕੰਮ ਸਰਾਹਿਆ ਗਿਆ। ਆਖਰੀ ਵਾਰ ਦੁਰਗਾਮਤੀ ਫ਼ਿਲਮ ‘ਚ ਦਿਖਾਈ ਦੇਣ ਵਾਲੀ ਮਾਹੀ ਜਲਦ ਹੀ ਮਹੇਸ਼ ਮਾਂਜਰੇਕਰ ਦੀ ਵੈੱਬ ਸੀਰੀਜ਼ 1962: ਦਾ ਵਾਰ ਇਨ ਦਾ ਹਿਲਜ਼ ‘ਚ ਦਿਖਾਈ ਦੇਵੇਗੀ।