‘ਰੇਲ ਰੋਕੋ ਅੰਦੋਲਨ’: ਮੁਸਾਫਰਾਂ ਨੂੰ ਨਾ ਹੋਵੇ ਕੋਈ ਤੰਗੀ, ਕਿਸਾਨਾਂ ਨੇ ਕੀਤਾ ਪੂਰਾ ਇੰਤਜ਼ਾਮ

ਸੋਨੀਪਤ- ਵੀਰਵਾਰ ਯਾਨੀ ਕਿ ਅੱਜ ਪੂਰੇ ਦੇਸ਼ ’ਚ ਕਿਸਾਨਾਂ ਵੱਲੋਂ ਰੇਲ ਗੱਡੀਆਂ ਨੂੰ ਰੋਕਿਆ ਜਾਵੇਗਾ। ਦੁਪਹਿਰ 12 ਤੋਂ 4 ਵਜੇ ਤੱਕ 4 ਘੰਟਿਆਂ ਲਈ ਰੇਲ ਗੱਡੀਆਂ ਦਾ ਚੱਕਾ ਜਾਮ ਕੀਤਾ ਜਾਵੇਗਾ। ਕਿਸਾਨਾਂ ਨੇ ਇਸ ਸਬੰਧੀ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਕਿਸਾਨਾਂ ਦੇ ਇਸ ਰੇਲ ਰੋਕੋ ਅੰਦੋਲਨ ਦੌਰਾਨ ਆਮ ਲੋਕਾਂ ਨੂੰ ਪ੍ਰੇਸ਼ਾਨੀ ਹੋਣ ਕਾਰਨ ਕਈ ਸਵਾਲ ਉਠਾਏ ਗਏ ਸਨ। ਇਸ ਕਾਰਨ ਕਿਸਾਨਾਂ ਨੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਣ ਦੇ ਲਈ ਵੀ ਪ੍ਰਬੰਧ ਕੀਤੇ ਹਨ।
ਸਰਕਾਰ ’ਤੇ ਦਬਾਅ ਬਣਾਉਣ ਲਈ ਕਿਸਾਨਾਂ ਨੇ ਵੀਰਵਾਰ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲ ਗੱਡੀਆਂ ਨੂੰ ਰੋਕਣ ਦਾ ਐਲਾਨ ਕੀਤਾ ਹੈ। ਇਸ ਮੰਤਵ ਲਈ ਵਧ ਤੋਂ ਵਧ ਕਿਸਾਨਾਂ ਨੂੰ ਨਿਰਧਾਰਤ ਰੇਲਵੇ ਸਟੇਸ਼ਨਾਂ ’ਤੇ ਪਹੁੰਚਣ ਲਈ ਕਿਹਾ ਗਿਆ ਹੈ। ਕਿਸਾਨਾਂ ਨੇ ਕੁਝ ਰੇਲਵੇ ਸਟੇਸ਼ਨਾਂ ’ਤੇ ਚਾਹ ਅਤੇ ਭੋਜਨ ਦੇ ਲੰਗਰ ਲਾਉਣ ਦੇ ਪ੍ਰਬੰਧ ਕੀਤੇ ਹਨ ਤਾਂ ਜੋ ਮੁਸਾਫਰਾਂ ਨੂੰ ਪ੍ਰੇਸ਼ਾਨੀ ਨਾ ਹੋਵੇ। ਜੇ ਕਿਸੇ ਮੁਸਾਫਰ ਨੇ ਕਿਸੇ ਮਜਬੂਰੀ ਕਾਰਨ ਆਪਣੀ ਮੰਜ਼ਿਲ ’ਤੇ ਜਲਦੀ ਪਹੁੰਚਣਾ ਹੋਵੇਗਾ ਤਾਂ ਉਸ ਲਈ ਮੋਟਰ ਗੱਡੀਆਂ ਦੇ ਪ੍ਰਬੰਧ ਵੀ ਕੀਤੇ ਗਏ ਹਨ। ਬੀਮਾਰ ਮੁਸਾਫਰਾਂ ਨੂੰ ਵੀ ਡਾਕਟਰੀ ਮਦਦ ਮੁਹੱਈਆ ਕਰਵਾਈ ਜਾਵੇਗੀ।
ਟ੍ਰੇਨਾਂ ਰੋਕਣ ਦੌਰਾਨ ਸ਼ਾਂਤੀ ਬਣਾਈ ਰੱਖਣੀ ਚੁਣੌਤੀ-
ਟਰੈਕਟਰ ਪਰੇਡ ਦੌਰਾਨ ਦਿੱਲੀ ’ਚ ਹਿੰਸਾ ਹੋਣ ਕਾਰਨ ਕਿਸਾਨ ਅੰਦੋਲਨ ਨੂੰ ਵੱਡਾ ਝਟਕਾ ਲੱਗ ਚੁੱਕਾ ਹੈ। ਇਸ ਵਾਰ ਕਿਸਾਨ ਕੋਈ ਖਤਰਾ ਮੁੱਲ ਨਹੀਂ ਲੈਣਾ ਚਾਹੁੰਦੇ। ਰੇਲ ਰੋਕੋ ਅੰਦੋਲਨ ਦੌਰਾਨ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਗਈ ਹੈ। ਕਿਸਾਨ ਆਗੂਆਂ ਦੇ ਸਾਹਮਣੇ ਸ਼ਾਂਤੀ ਨੂੰ ਬਣਾਈ ਰੱਖਣਾ ਵੱਡੀ ਚੁਣੌਤੀ ਹੈ। ਨੌਜਵਾਨਾਂ ਨੂੰ ਹੌਸਲਾ ਰੱਖਣ ਲਈ ਕਿਹਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਜੇ ਅੰਦੋਲਨ ਸ਼ਾਂਤਮਈ ਢੰਗ ਨਾਲ ਚੱਲੇਗਾ ਤਾਂ ਮਜ਼ਬੂਤ ਹੋਵੇਗਾ। ਕਿਸੇ ਤਰ੍ਹਾਂ ਦੀ ਹਿੰਸਾ ਹੋਣ ਨਾਲ ਇਹ ਕਮਜ਼ੋਰ ਹੋਵੇਗਾ। ਜਿਨ੍ਹਾਂ ਰੇਲਵੇ ਸਟੇਸ਼ਨਾਂ ’ਤੇ ਰੇਲਾਂ ਨੂੰ ਰੋਕਿਆ ਜਾਵੇਗਾ, ਉੱਥੇ ਮੁਸਾਫਰਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਮੁਸਾਫਰਾਂ ਦੀ ਸਹੂਲਤ ਲਈ ਕਿਸਾਨਾਂ ਨੂੰ ਚਾਹ ਅਤੇ ਭੋਜਨ ਦੇ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਕਿਸਾਨਾਂ ਨੂੰ ਇਕਜੁੱਟਤਾ ਬਣਾਈ ਰੱਖਣ ਲਈ ਵੀ ਅਪੀਲਾਂ ਕੀਤੀਆਂ ਗਈਆਂ ਹਨ। ਸਰਕਾਰ ਨੂੰ ਇਹ ਦੱਸਿਆ ਜਾਵੇਗਾ ਕਿ ਕਿਸਾਨ ਇਕਜੁੱਟ ਹਨ। ਅਮਨ ਕਾਨੂੰਨ ਦੀ ਹਾਲਤ ਕਿਸਾਨ ਖੁਦ ਹੀ ਬਣਾਈ ਰੱਖਣਗੇ।