ਦੇਸ਼ ਧਰੋਹ ਬਾਰੇ ਅਦਾਲਤ ਦੇ ਫ਼ੈਸਲੇ ਦਾ ਟਿਕੈਤ ਵਲੋਂ ਸਵਾਗਤ, ਕਿਹਾ- ‘ਇਹ ਕਿਸਾਨਾਂ ਦੇ ਹੱਕਾਂ ਦਾ ਸੰਘਰਸ਼ ਹੈ’

ਨਵੀਂ ਦਿੱਲੀ— ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਬੁੱਧਵਾਰ ਨੂੰ ਦਿੱਲੀ ਦੀ ਇਕ ਅਦਾਲਤ ਦੇ ਉਸ ਫ਼ੈਸਲੇ ਦਾ ਸਵਾਗਤ ਕੀਤਾ, ਜਿਸ ਵਿਚ ਕਿਹਾ ਗਿਆ ਹੈ ਕਿ ਪ੍ਰਦਰਸ਼ਨਕਾਰੀਆਂ ਦੀ ਆਵਾਜ਼ ਨੂੰ ਦਬਾਉਣ ਲਈ ਦੇਸ਼ ਧਰੋਹ ਦੇ ਕਾਨੂੰਨ ਦਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਟਿਕੈਤ ਨੇ ਕਿਹਾ ਕਿ ਦੇਸ਼ ਧਰੋਹ ਕਾਨੂੰਨ ਬਾਰੇ ਸੁਣਾਏ ਗਏ ਫ਼ੈਸਲੇ ਨੂੰ ਲੈ ਕੇ ਅਦਾਲਤ ਬਿਲਕੁਲ ਠੀਕ ਹੈ ਅਤੇ ਮੈਂ ਉਸ ਦਾ ਸਵਾਗਤ ਕਰਦਾ ਹਾਂ।
ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਦੇ ਵਿਰੋਧ ਨੂੰ ਲੈ ਕੇ ਫੇਸਬੁੱਕ ’ਤੇ ਫਰਜ਼ੀ ਵੀਡੀਓ ਪੋਸਟ ਕਰਨ ਦੇ ਦੋਸ਼ੀ ਇਕ ਸ਼ਖਸ ਨੂੰ ਜ਼ਮਾਨਤ ਦਿੰਦੇ ਹੋਏ ਦਿੱਲੀ ਦੀ ਇਕ ਅਦਾਲਤ ਨੇ ਕਿਹਾ ਕਿ ਸ਼ਰਾਰਤੀ ਅਨਸਰਾਂ ਨੂੰ ਦਬਾਉਣ ਦੇ ਨਾਂ ਹੇਠ ਅਸ਼ਾਂਤ ਲੋਕਾਂ ਨੂੰ ਸ਼ਾਂਤ ਕਰਨ ਲਈ ਦੇਸ਼ ਧਰੋਹ ਕਾਨੂੰਨ ਦਾ ਵਾਸਤਾ ਨਹੀਂ ਪਾਇਆ ਜਾ ਸਕਦਾ।
ਐਡੀਸ਼ਨਲ ਸੈਸ਼ਨ ਜੱਜ ਧਰਮਿੰਦਰ ਰਾਣਾ ਨੇ ਕਿਹਾ ਕਿ ਜੇਕਰ ਅਵਿਵਸਥਾ ਪੈਦਾ ਕਰਨ, ਜਨਤਕ ਸ਼ਾਂਤੀ ਭੰਗ ਕਰਨ ਜਾਂ ਹਿੰਸਾ ਫੈਲਾਉਣ ਲਈ ਉਕਸਾਵੇ ਦਾ ਸਹਾਰਾ ਨਹੀਂ ਲਿਆ ਗਿਆ ਹੈ ਤਾਂ ਦੇਸ਼ ਧਰੋਹ ਦਾ ਕਾਨੂੰਨ ਲਾਗੂ ਨਹੀਂ ਕੀਤਾ ਜਾ ਸਕਦਾ ਹੈ। ਟਿਕੈਤ ਨੇ ਕਿਹਾ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਲਈ ਬੰਦੂਕਾਂ ਇਸਤੇਮਾਲ ਕੀਤੀਆਂ ਜਾ ਰਹੀਆਂ ਹਨ। ਕਿਸਾਨਾਂ ਦਾ ਅੰਦੋਲਨ ਇਕ ਵਿਚਾਰਧਾਰਕ ਹੈ। ਇਹ ਸੰਘਰਸ਼ ਕਿਸਾਨਾਂ ਦੇ ਹੱਕਾਂ ਲਈ ਹੈ, ਅਸੀਂ ਬਾਰਡਰਾਂ ’ਤੇ ਆਪਣੇ ਹੱਕਾਂ ਲਈ ਡਟੇ ਹਾਂ ਅਤੇ ਉਦੋਂ ਤੱਕ ਡਟੇ ਰਹਾਂਗੇ, ਜਦੋਂ ਤੱਕ ਹੱਕ ਨਹੀਂ ਮਿਲ ਜਾਂਦੇ। ਉਨ੍ਹਾਂ ਨੇ ਕਿਹਾ ਕਿ ਜਿਹੜੇ ਸੰਘਰਸ਼ ਕਿਸੇ ਉਦੇਸ਼ ਨਾਲ ਸ਼ੁਰੂ ਹੁੰਦੇ ਹਨ, ਉਨ੍ਹਾਂ ਨੂੰ ਬੰਦੂਕਾਂ ਦਾ ਡਰ ਵਿਖਾ ਕੇ ਪਟੜੀ ਤੋਂ ਹੇਠਾਂ ਨਹੀਂ ਉਤਾਰਿਆ ਜਾ ਸਕਦਾ।