ਕਿਸਾਨਾਂ ਦੇ ਹੱਕ ‘ਚ ਆਈ ਉਰਵਸ਼ੀ ਰੌਤੇਲਾ ਨੇ ਕਿਹਾ, ਆਪਣੇ ਅਧਿਕਾਰਾਂ ਲਈ ਲੜ ਰਹੇ ਹਨ ਕਿਸਾਨ

ਹੌਲੀਵੁਡ ਤੋਂ ਲੈ ਕੇ ਪੌਲੀਵੁਡ ਦੇ ਸਿਤਾਰਿਆਂ ਤਕ ਹਰ ਕੋਈ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਸਮਰਥਨ ਕਰ ਰਿਹਾ ਹੈ। ਇਸ ਦੇ ਨਾਲ ਹੀ ਬੌਲੀਵੁਡ ਅਦਾਕਾਰਾ ਉਰਵਸ਼ੀ ਰੌਤੇਲਾ ਨੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕਰਕੇ ਕਿਸਾਨਾਂ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਕਿਸਾਨ ਦੇਸ਼ ਦੀ ਰੀੜ੍ਹ ਹਨ ਅਤੇ ਉਹ ਆਪਣੇ ਅਧਿਕਾਰਾਂ ਲਈ ਲੜ ਰਹੇ ਹਨ। ਸ਼ਿਮਲਾ ਦੀ ਯਾਤਰਾ ਦੌਰਾਨ 26 ਸਾਲਾਂ ਅਦਾਕਾਰਾ ਨੇ ਇਹ ਗੱਲ ਕਹੀ। ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਅਦਾਕਾਰਾ ਨੇ ਕਿਹਾ ਕਿ ਉਸ ਨੂੰ ਸ਼ਿਮਲੇ ‘ਚ ਰਹਿਣਾ ਬੇਹੱਦ ਚੰਗਾ ਲੱਗਦਾ ਹੈ ਅਤੇ ਉਹ ਦੁਬਾਰਾ ਫ਼ਿਰ ਇਥੇ ਆਵੇਗੀ। ਉਨ੍ਹਾਂ ਕਿਹਾ ਕਿ ਸ਼ਿਮਲੇ ਦੇ ਲੋਕ ਬਹੁਤ ਚੰਗੇ ਹਨ ਅਤੇ ਇਥੇ ਦਾ ਖਾਣਾ ਵੀ ਲਾਜਵਾਬ ਹੈ।
ਬੌਲੀਵੁਡ ਦੀ ਮਸ਼ਹੂਰ ਅਦਾਕਾਰਾ ਉਰਵਸ਼ੀ ਰੌਤੇਲਾ ਇਨ ਦਿਨ ਪਹਾੜਾਂ ਦੀਆਂ ਹਸੀਨ ਵਾਦੀਆਂ ਦਾ ਦੀਦਾਰ ਕਰਨ ਲਈ ਸ਼ਿਮਲਾ ਗਈ ਹੋਈ ਹੈ। ਉਰਵਸ਼ੀ ਕੁਫ਼ਰੀ, ਨਾਰਕੰਡਾ ‘ਚ ਬਰਫ਼ਬਾਰੀ ਦਾ ਆਨੰਦ ਲੈਣ ਤੋਂ ਬਾਅਦ ਸ਼ਿਮਲਾ ਦੇ ਮਾਲ ਰੋਡ ਅਤੇ ਰਿਜ ਪਹੁੰਚੀ। ਉਰਵਸ਼ੀ ਇਸ ਤੋਂ ਪਹਿਲਾਂ ਸਨਮ ਰੇ ਫ਼ਿਲਮ ਦੀ ਸ਼ੂਟਿੰਗ ਲਈ ਸ਼ਿਮਲਾ ਅਤੇ ਕਲਪਾ ਆ ਚੁੱਕੀ ਹੈ। ਉਰਵਸ਼ੀ ਰੌਤੇਲਾ ਨੇ ਦੱਸਿਆ ਕਿ ਉਸ ਦਾ ਨਾਤਾ ਹਿਮਾਲਿਆ ਨਾਲ ਬਚਪਨ ਤੋਂ ਹੀ ਰਿਹਾ ਹੈ। ਉਹ ਸ਼ਿਮਲਾ ਆਪਣੇ ਪਰਿਵਾਰ ਨਾਲ ਘੁੰਮਣ ਆਈ ਹੈ।
ਉਸ ਨੇ ਕਿਹਾ ਕਿ ਉਹ ਤਾਂ ਸਿਰਫ਼ ਹਿਮਾਚਲ ਆਉਣ ਦਾ ਮੌਕਾ ਲੱਭਦੀ ਹੈ। ਉਰਵਸ਼ੀ ਨੇ ਦੱਸਿਆ ਕਿ ਕੋਰੋਨਾ ਦਾ ਬੌਲੀਵੁਡ ‘ਤੇ ਵੀ ਕਾਫ਼ੀ ਅਸਰ ਹੋਇਆ ਹੈ, ਪਰ ਹੁਣ ਹੌਲੀ-ਹੌਲੀ ਸਭ ਆਮ ਹੁੰਦਾ ਜਾ ਰਿਹਾ ਹੈ।