ਫਰਿਜ਼ਨੋ/ਕੈਲੀਫੋਰਨੀਆ ਸੰਯੁਕਤ ਰਾਜ ਦੀ ਗੁਪਤ ਸੇਵਾ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਹਫ਼ਤੇ ਦੇ ਅਖੀਰ ਵਿੱਚ ਵ੍ਹਾਈਟ ਹਾਊਸ ਨੇੜੇ ਦੋ ਵਿਅਕਤੀਆਂ ਨੂੰ ਹਥਿਆਰਾਂ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।ਇਹਨਾਂ ਅਣਪਛਾਤੇ ਵਿਅਕਤੀਆਂ ਨਾਲ ਸੀਕ੍ਰੇਟ ਸਰਵਿਸ ਅਧਿਕਾਰੀਆਂ ਵੱਲੋਂ ਸ਼ਨੀਵਾਰ ਸ਼ਾਮ ਨੂੰ 5:30 ਵਜੇ ਤੋਂ ਪਹਿਲਾਂ ਵਾਸ਼ਿੰਗਟਨ, ਡੀ.ਸੀ. ‘ਚ 15 ਵੀਂ ਸਟ੍ਰੀਟ ਅਤੇ ਪੈਨਸਿਲਵੇਨੀਆ ਐਵੀਨਿਊ ਨੇੜੇ ਸੰਪਰਕ ਬਣਾਇਆ ਗਿਆ ਅਤੇ ਇੱਕ ਵਿਅਕਤੀ ਦੁਆਰਾ ਉਸ ਕੋਲ ਇੱਕ ਹਥਿਆਰ ਹੋਣ ਬਾਰੇ ਦੱਸਣ ‘ਤੇ ਉਸ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ ਗਿਆ।
ਜਦਕਿ ਦੂਜੇ ਵਿਅਕਤੀ ਨੇ ਨੇੜੇ ਦੇ ਵਾਹਨ ਵਿੱਚ ਇੱਕ ਵਾਧੂ ਹਥਿਆਰ ਹੋਣ ਦਾ ਖੁਲਾਸਾ ਕੀਤਾ ਤਾਂ ਸੀਕ੍ਰੇਟ ਸਰਵਿਸ ਦੇ ਅਧਿਕਾਰੀਆਂ ਦੁਆਰਾ ਕਾਰ ਨੂੰ ਲੱਭ ਕੇ ਹਥਿਆਰ ਨੂੰ ਬਰਾਮਦ ਕੀਤਾ ਗਿਆ। ਇਸ ਮਾਮਲੇ ਬਾਰੇ ਅਧਿਕਾਰੀਆਂ ਅਨੁਸਾਰ ਪਹਿਲੇ ਵਿਅਕਤੀ ਨੂੰ ਇੱਕ ਬੀ ਬੀ ਬੰਦੂਕ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਕਿ ਦੂਸਰੇ ਵਿਅਕਤੀ ਨੂੰ ਬਿਨਾਂ ਲਾਇਸੈਂਸ ਤੋਂ ਪਿਸਤੌਲ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ।ਇਸ ਗ੍ਰਿਫ਼ਤਾਰੀ ਦੌਰਾਨ ਦੋਸ਼ੀ ਵਿਅਕਤੀਆਂ ਦੁਆਰਾ ਕਿਸੇ ਵੀ ਤਰ੍ਹਾਂ ਦੀ ਕੋਈ ਵਿਰੋਧੀ ਪ੍ਰਕਿਰਿਆ ਨਹੀ ਦਿਖਾਈ ਗਈ। ਪੁਲਸ ਅਨੁਸਾਰ ਹਥਿਆਰਾਂ ਦੇ ਸੰਬੰਧ ਵਿੱਚ ਇਹਨਾਂ ਗ੍ਰਿਫ਼ਤਾਰੀਆਂ ਦੇ ਹੋਣ ਦੌਰਾਨ ਰਾਸ਼ਟਰਪਤੀ ਜੋਅ ਬਾਈਡੇਨ ਕੈਂਪ ਡੇਵਿਡ ਦੀ ਆਪਣੀ ਪਹਿਲੀ ਰਾਸ਼ਟਰਪਤੀ ਯਾਤਰਾ ‘ਤੇ ਸਨ।