ਗਲਾਸਗੋ/ਲੰਡਨ : ਰਾਜਧਾਨੀ ਲੰਡਨ ਵਿੱਚ ਸਰਕਾਰ ਵੱਲੋਂ ਜ਼ਿਆਦਾ ਲੋਕਾਂ ਨੂੰ ਕੋਰੋਨਾ ਵਾਇਰਸ ਦਾ ਟੀਕਾ ਲਗਾਉਣ ਲਈ ਇੱਕ ਨਵੀਂ ਸਕੀਮ ‘ਵੈਕਸੀ ਟੈਕਸੀ’ ਸ਼ੁਰੂ ਕੀਤੀ ਗਈ ਹੈ। ਲੰਡਨ ਵਾਸੀਆਂ ਨੂੰ ਨਵੀਂ ਸਕੀਮ ਦੇ ਹਿੱਸੇ ਵਜੋਂ ਕਾਲੇ ਰੰਗ ਦੀਆਂ ਕੈਬਾਂ ਵਿਚ ਟੀਕਾ ਲਗਾਇਆ ਜਾ ਰਿਹਾ ਹੈ ਜਿਸ ਨਾਲ ਕਿ ਵੈਕਸੀਨ ਕਲੀਨਿਕਾਂ ਵਿੱਚ ਜਾਣ ਲਈ ਆਸਾਨੀ ਨਾਲ ਟ੍ਰਾਂਸਪੋਰਟ ਤੱਕ ਨਾ ਪਹੁੰਚਣ ਵਾਲੇ ਲੋਕਾਂ ਨੂੰ ਟੀਕਾਕਰਨ ਵਿੱਚ ਮੱਦਦ ਮਿਲੇਗੀ।
ਵੈਕਸੀ ਟੈਕਸੀ ਪ੍ਰੋਗਰਾਮ ਦਾ ਉਦੇਸ਼ ਰਾਜਧਾਨੀ ਦੇ ਕਮਿਊਨਿਟੀ ਸੈਂਟਰਾਂ ਵਿੱਚ ਸਥਾਪਿਤ ਅਸਥਾਈ ਕਲੀਨਿਕਾਂ ਲਈ ਸਪਲਾਈ ਅਤੇ ਮਰੀਜ਼ਾਂ ਦੀ ਸਹਾਇਤਾ ਕਰਨਾ ਹੈ। “ਕੋਵਿਡ ਸੰਕਟ ਰੈਸਕਿਊ ਫਾਉਂਡੇਸ਼ਨ” ਦੁਆਰਾ ਫੰਡ ਪ੍ਰਾਪਤ ਇਸ ਸਕੀਮ ਦੇ ਪ੍ਰਬੰਧਕਾਂ ਨੂੰ ਉਮੀਦ ਹੈ ਕਿ ਇਹ ਯੋਜਨਾ ਵਧੇਰੇ ਲੋਕਾਂ ਜਿਨ੍ਹਾਂ ਦੀ ਆਵਾਜਾਈ ਤੱਕ ਸੀਮਤ ਪਹੁੰਚ ਹੈ, ਉਹਨਾਂ ਨੂੰ ਵੈਕਸੀਨ ਪ੍ਰਾਪਤ ਕਰਨ ਵਿੱਚ ਸਹਾਈ ਹੋਵੇਗੀ। ਪਿਛਲੇ ਹਫਤੇ ਦੇ ਅੰਤ ਵਿੱਚ ਇਸ ਯੋਜਨਾ ਤਹਿਤ ਹਾਲੈਂਡ ਪਾਰਕ ਦੇ ਸਭਾ ਘਰ ਦੇ ਨੇੜੇ ਇਕ ਪੌਪ-ਅਪ ਸਾਈਟ ਦੇ ਬਾਹਰ ਇੱਕ ਕਾਲੀ ਕੈਬ ਦੇ ਪਿਛਲੇ ਹਿੱਸੇ ਵਿਚ ਟੀਕੇ ਲਗਾਏ ਵੀ ਗਏ ਹਨ।
ਫਾਉਂਡੇਸ਼ਨ ਦੇ ਡਾਇਰੈਕਟਰ, ਡਾ. ਸ਼ੈਰਨ ਰੇਮੰਡ ਅਨੁਸਾਰ ਉਹਨਾਂ ਦਾ ਟੀਚਾ ਲੰਡਨ ਵਿੱਚ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਵਿੱਚ ਸਹਾਇਤਾ ਕਰਨਾ ਹੈ ਅਤੇ ਟੈਕਸੀਆਂ ‘ਚ ਵੈਕਸੀਨ ਦੀ ਸਹੂਲਤ ਮਿਲਣ ਕਾਰਨ ਜੀ ਪੀ ਕੇਂਦਰਾਂ ਵਿੱਚ ਨਹੀਂ ਜਾਣਾ ਪਵੇਗਾ। ਇਸ ਦੇ ਇਲਾਵਾ ਟੈਕਸੀਆਂ ਦੀ ਵਰਤੋਂ ਹਸਪਤਾਲਾਂ ਤੋਂ ਕਲੀਨਿਕਾਂ ਵਿੱਚ ਉਪਕਰਣ ਆਦਿ ਲਿਆਉਣ ਲਈ ਵੀ ਕੀਤੀ ਜਾਵੇਗੀ।