ਅੰਮ੍ਰਿਤਸਰ – ਬੀਤੇ ਦਿਨ ਅਣਪਛਾਤੇ ਵਿਅਕਤੀਆਂ ਵਲੋਂ ਦਹਿਸ਼ਤ ਫੈਲਾਉਣ ਦੀ ਨੀਯਤ ਨਾਲ ਜੀ. ਟੀ. ਰੋਡ ਛੇਹਰਟਾ ਸਥਿਤ ਦੀਨ ਮੁਹੰਮਦ ਜਾਮਾ ਮਸਜਿਦ ’ਤੇ ਤੇਲ ਦੀ ਭਰੀ ਕੱਚ ਦੀ ਬੋਤਲ (ਬੋਤਲ ਬੰਬ) ਨੂੰ ਅੱਗ ਲਾ ਕੇ ਸੁੱਟ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨਾਲ ਮੌਕੇ ’ਤੇ ਮੌਜੂਦ ਲੋਕਾਂ ਦੇ ਮਨਾਂ ’ਚ ਡਰ ਦਾ ਮਾਹੌਲ ਪੈਦਾ ਹੋ ਗਿਆ।
ਘਟਨਾ ਦੀ ਸੂਚਨਾ ਮਿਲਣ ’ਤੇ ਮੌਕੇ ’ਤੇ ਪੁੱਜੇ ਆਲ ਮੁਸਲਿਮ ਵੈੱਲਫੇਅਰ ਸੋਸਾਇਟੀ ਦੇ ਰਾਸ਼ਟਰੀ ਪ੍ਰਧਾਨ ਮਾਣਕ ਅਲੀ ਨੇ ਦੱਸਿਆ ਕਿ ਅੱਜ ਸਵੇਰ 6 ਵਜੇ ਮਸਜਿਦ ’ਚ ਨਮਾਜ਼ ਪੜ੍ਹਨ ਆਏ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਦੇਖਿਆ ਕਿ ਮਸਜਿਦ ਦੇ ਬਾਹਰ ਅਣਪਛਾਤੇ ਵਿਅਕਤੀਆਂ ਨੇ ਕੱਚ ਦੀ ਤੇਲ ਵਾਲੀ ਬੋਤਲ ਨੂੰ ਅੱਗ ਲਾ ਕੇ ਮਸਜਿਦ ਦੀ ਕੰਧ ’ਤੇ ਸੁੱਟ ਦਿੱਤਾ। ਉਨ੍ਹਾਂ ਕਿਹਾ ਕਿ ਇਸ ਹਰੱਕਤ ਨਾਲ ਕੋਈ ਨੁਕਸਾਨ ਤਾਂ ਨਹੀਂ ਹੋਇਆ ਪਰ ਅੱਗ ਲੱਗਣ ਕਾਰਣ ਕੰਧ ਨੁਕਸਾਨੀ ਗਈ।
ਦੂਜੇ ਪਾਸੇ ਘਟਨਾ ਸਥਾਨ ’ਤੇ ਪੁੱਜੇ ਥਾਣਾ ਛੇਹਰਟਾ ਦੇ ਐੱਸ. ਐੱਚ. ਓ. ਅਤੇ ਪੁਲਸ ਚੌਕੀ ਟਾਊਨ ਛੇਹਰਟਾ ਦੇ ਇੰਚਾਰਜ ਰੂਪ ਲਾਲ ਨੇ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ। ਇਸ ਸਬੰਧੀ ਪੁਲਸ ਚੌਕੀ ਦੇ ਇੰਚਾਰਜ ਨੇ ਦੱਸਿਆ ਕਿ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।