ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਸੀਧੀ ਜ਼ਿਲ੍ਹੇ ‘ਚ ‘ਭਿਆਨਕ’ ਬੱਸ ਹਾਦਸੇ ਨੂੰ ਲੈ ਕੇ ਮੰਗਲਵਾਰ ਨੂੰ ਸੋਗ ਜਤਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਹਾਦਸੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਦੇਣ ਨੂੰ ਮਨਜ਼ੂਰੀ ਦਿੱਤੀ। ਪੁਲਸ ਨੇ ਦੱਸਿਆ ਕਿ ਸੀਧੀ ਜ਼ਿਲ੍ਹੇ ‘ਚ ਸਵੇਰੇ ਇਕ ਬੱਸ ਪੁਲ ਤੋਂ ਹੇਠਾਂ ਡਿੱਗ ਗਈ। ਸੀਧੀ ਜ਼ਿਲ੍ਹੇ ਦੇ ਪੁਲਸ ਕਮਿਸ਼ਨਰ ਪੰਕਜ ਕੁਮਾਵਤ ਨੇ ਦੱਸਿਆ,”ਹੁਣ ਤੱਕ ਬਾਣਸਾਗਰ ਨਹਿਰ ‘ਚੋਂ 37 ਲਾਸ਼ਾਂ ਬਾਹਰ ਕੱਢੀਆਂ ਗਈਆਂ ਹਨ।” ਉਨ੍ਹਾਂ ਕਿਹਾ ਕਿ ਬੱਸ ਨੂੰ ਵੀ ਨਹਿਰ ‘ਚੋਂ ਬਾਹਰ ਕੱਢ ਲਿਆ ਗਿਆ ਹੈ ਅਤੇ ਇਸ ‘ਚ ਹੁਣ ਇਕ ਵੀ ਲਾਸ਼ ਨਹੀਂ ਹੈ। ਕਿੰਨੇ ਯਾਤਰੀ ਹਾਲੇ ਵੀ ਲਾਪਤਾ ਹਨ, ਇਸ ਬਾਰੇ ਪੁੱਛੇ ਜਾਣ ‘ਤੇ ਕੁਮਾਵਤ ਨੇ ਕਿਹਾ,”ਇਸ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ ਹੈ।” ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਬਾਅਦ 7 ਲੋਕ ਤੈਰ ਕੇ ਸੁਰੱਖਿਅਤ ਨਦੀ ਤੋਂ ਬਾਹਰ ਆ ਗਏ ਹਨ।
ਮੋਦੀ ਨੇ ਕਿਹਾ,”ਮੱਧ ਪ੍ਰਦੇਸ਼ ਦੇ ਸੀਧੀ ‘ਚ ਬੱਸ ਹਾਦਸਾ ਭਿਆਨਕ ਹੈ। ਸੋਗ ਪੀੜਤ ਪਰਿਵਾਰਾਂ ਦੇ ਪ੍ਰਤੀ ਹਮਦਰਦੀ। ਸਥਾਨਕ ਪ੍ਰਸ਼ਾਸਨ ਬਚਾਅ ਅਤੇ ਰਾਹਤ ਕੰਮ ‘ਚ ਸਰਗਰਮ ਰੂਪ ਨਾਲ ਸ਼ਾਮਲ ਹਨ।” ਉਨ੍ਹਾਂ ਦੇ ਦਫ਼ਤਰ ਨੇ ਇਕ ਟਵੀਟ ‘ਚ ਕਿਹਾ,”ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ਸੀਧੀ ‘ਚ ਬੱਸ ਹਾਦਸੇ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਤੋਂ 2-2 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਮਨਜ਼ੂਰ ਕੀਤੀ ਹੈ। ਗੰਭੀਰ ਰੂਪ ਨਾਲ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਜਾਵੇਗੀ।”