ਚੰਡੀਗੜ੍ਹ : ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ‘ਚ ਕੋਵਿਡ ਟੀਕਾਕਰਨ ਪ੍ਰੋਗਰਾਮ ਦੀ ਦੂਜੀ ਖ਼ੁਰਾਕ ਦੇਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਜਿਸ ਤਹਿਤ ਸਿਹਤ ਮੁਲਾਜ਼ਮਾਂ ਨੂੰ ਕੋਵਿਡ ਟੀਕੇ ਦੀ ਦੂਜੀ ਖ਼ੁਰਾਕ ਲਗਾਈ ਜਾ ਰਹੀ ਹੈ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ, ਪੰਜਾਬ ਵੱਲੋਂ ਮੋਹਾਲੀ ਦੇ ਜ਼ਿਲ੍ਹਾ ਹਸਪਤਾਲ ਤੋਂ ਟੀਕਾਕਰਨ ਮੁਹਿੰਮ ਦਾ ਆਗਾਜ਼ ਕਰਨ ਮੌਕੇ 16 ਜਨਵਰੀ ਵਾਲੇ ਦਿਨ ਸਿਹਤ ਮੁਲਾਜ਼ਮਾਂ ਨੂੰ ਟੀਕੇ ਦੀ ਪਹਿਲੀ ਖ਼ੁਰਾਕ ਲਗਾਈ ਗਈ ਸੀ।
ਉਨ੍ਹਾਂ ਕਿਹਾ ਕਿ ਅਸਵੈ-ਇੱਛਾ ਨਾਲ ਟੀਕੇ ਦੀ ਦੂਜੀ ਖ਼ੁਰਾਕ ਲਗਵਾਉਣ ਵਾਲੇ ਵੱਖ-ਵੱਖ ਮਹਿਕਮਿਆਂ ਦੇ ਡਾਕਟਰਾਂ ‘ਚ ਡਾ. ਡਿੰਪਲ ਧਾਲੀਵਾਲ ਸ਼੍ਰੀਵਾਸਤਵ (ਬਾਲ ਰੋਗ ਮਾਹਿਰ), ਡਾ. ਸੰਦੀਪ (ਈ. ਐੱਨ. ਟੀ.), ਡਾ. ਸੰਜੀਵ ਕੰਬੋਜ਼ (ਹੱਡੀਆਂ ਦੇ ਮਾਹਰ), ਡਾ. ਚਰਨਕਮਲ ( ਫੋਰੈਂਸਿਕ), ਡਾ. ਵਿਨੀਤ (ਇਸਤਰੀ ਰੋਗਾਂ ਦੇ ਮਾਹਰ) ਸ਼ਾਮਲ ਹਨ। ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਕੋਰੋਨਾ ਮਹਾਮਾਰੀ ਖ਼ਿਲਾਫ਼ ਲੜਾਈ ‘ਚ ਦ੍ਰਿੜਤਾ ਨਾਲ ਅੱਗੇ ਵਧ ਰਹੀ ਹੈ ਅਤੇ 19 ਫਰਵਰੀ ਤੱਕ ਸਾਰੇ ਸਿਹਤ ਸੰਭਾਲ ਮੁਲਾਜ਼ਮਾਂ ਨੂੰ ਟੀਕੇ ਦੀ ਪਹਿਲੀ ਖ਼ੁਰਾਕ ਦਿੱਤੀ ਜਾਵੇਗੀ।
ਇਸੇ ਤਰ੍ਹਾਂ ਸਾਰੇ ਫਰੰਟ ਲਾਈਨ ਵਾਰੀਅਰਜ਼ ਨੂੰ 6 ਮਾਰਚ, 2021 ਤੱਕ ਕਵਰ ਕੀਤਾ ਜਾਵੇਗਾ, ਜਦੋਂਕਿ ਪੰਚਾਇਤੀ ਰਾਜ ਸੰਸਥਾਵਾਂ ਅਤੇ ਰੈਵੇਨਿਊ ਦੇ ਵੇਰਵੇ ਅਪਲੋਡ ਕਰਨ ਦੀ ਪ੍ਰਕਿਰਿਆ 17 ਫਰਵਰੀ ਤੱਕ ਵਧਾ ਦਿੱਤੀ ਗਈ ਹੈ।