ਚੰਡੀਗੜ੍ਹ : ਸੂਬਾ ਚੋਣ ਕਮਿਸ਼ਨ ਪੰਜਾਬ ਵੱਲੋਂ ਅੱਜ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਹਲਕਿਆਂ ਦੀ ਵੋਟਾਂ ਦੀ ਗਿਣਤੀ ਲਈ ਤੁਰੰਤ ਮਾਈਕਰੋ ਆਬਜ਼ਰਵਰ ਨਿਯੁਕਤ ਕੀਤੇ ਜਾਣ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਚੋਣ ਕਮਿਸ਼ਨ, ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਜਾਰੀ ਹੁਕਮਾਂ ਅਨੁਸਾਰ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਹਲਕਿਆਂ ਦੀ ਵੋਟਾਂ ਦੀ ਗਿਣਤੀ ਲਈ ਆਈ. ਏ. ਐਸ./ਪੀ. ਸੀ. ਐਸ./ ਸੀਨੀਅਰ ਅਧਿਕਾਰੀਆਂ ਨੂੰ ਤੁਰੰਤ ਮਾਈਕਰੋ ਆਬਜ਼ਰਵਰ ਲਾਇਆ ਜਾਵੇ। ਜਾਰੀ ਹੁਕਮਾਂ ਅਨੁਸਾਰ ਮਾਈਕਰੋ ਆਬਜ਼ਰਵਰ ਕਮਿਸ਼ਨ ਵਲੋਂ ਪਹਿਲਾਂ ਤੋਂ ਨਿਯੁਕਤ ਆਬਜ਼ਰਵਰਾਂ ਰਾਹੀਂ ਆਪਣੀ ਰਿਪੋਰਟ ਪੇਸ਼ ਕਰਨਗੇ।
ਦੱਸਣਯੋਗ ਹੈ ਕਿ ਸੂਬਾ ਚੋਣ ਕਮਿਸ਼ਨ ਵੱਲੋਂ ਜਿੱਥੇ ਅੱਜ ਪਟਿਆਲਾ ਜ਼ਿਲ੍ਹੇ ਦੇ ਪਾਤੜਾਂ ਅਤੇ ਸਮਾਣਾ ਦੇ 3 ਬੂਥਾਂ ‘ਤੇ ਦੁਬਾਰਾ ਵੋਟਾਂ ਪੁਆਈਆਂ ਗਈਆਂ, ਉੱਥੇ ਹੀ ਮੋਹਾਲੀ ਦੇ ਇਕ ਵਾਰਡ ‘ਚ ਸੂਬਾ ਚੋਣ ਕਮਿਸ਼ਨ ਵੱਲੋਂ 17 ਫਰਵਰੀ ਨੂੰ ਦੁਬਾਰਾ ਵੋਟਾਂ ਪੁਆਏ ਜਾਣ ਦੇ ਹੁਕਮ ਜਾਰੀ ਕੀਤੇ ਗਏ ਹਨ।