ਸਾਂਬਾ – ਸਾਂਬਾ ਜ਼ਿਲੇ ਦੇ ਬਾੜੀ-ਬ੍ਰਾਹਮਣਾ ਖੇਤਰ ਵਿਚੋਂ ਬੀਤੇ ਦਿਨੀਂ ਇਕ ਅੱਤਵਾਦੀ ਨੂੰ ਕਾਬੂ ਕੀਤਾ ਗਿਆ ਸੀ। ਐਤਵਾਰ ਇਲਾਕੇ ਦੇ ਝੰਗ ਪਿੰਡ ਵਿਚੋਂ ਪੁਲਸ ਨੇ ਹਥਿਆਰਾਂ ਦੀ ਇਕ ਵੱਡੀ ਖੇਪ ਬਰਾਮਦ ਕੀਤੀ।
ਰਾਮਗੜ੍ਹ ਪੁਲਸ ਥਾਣੇ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਉਕਤ ਪਿੰਡ ਵਿਚ ਇਕ ਨਾਲੇ ਕੋਲ ਗਸ਼ਤ ਦੌਰਾਨ ਪੁਲਸ ਪਾਰਟੀ ਨੂੰ ਝਾੜੀਆਂ ਵਿਚ ਪਏ ਹੋਏ ਦੋ ਪੈਕਟਾਂ ਬਾਰੇ ਖਬਰ ਮਿਲੀ। ਇਨ੍ਹਾਂ ਦੋਹਾਂ ਪੈਕਟਾਂ ਨੂੰ ਖੋਲ੍ਹਣ ‘ਤੇ ਹਥਿਆਰਾਂ ਅਤੇ ਗੋਲੀ ਸਿੱਕੇ ਦੀ ਖੇਪ ਦਾ ਪਤਾ ਲੱਗਾ। ਇਨ੍ਹਾਂ ਨੂੰ ਪਾਲੀਥੀਨ, ਲੱਕੜੀ ਦੇ ਛੋਟੇ ਬਕਸਿਆਂ ਅਤੇ ਤਾਰਾਂ ਨਾਲ ਲਪੇਟਿਆ ਹੋਇਆ ਸੀ। ਇਕ ਪੈਕੇਟ ਵਿਚ 5 ਪਿਸਤੌਲ, 10 ਮੈਗਜ਼ੀਨ ਅਤੇ 149 ਜ਼ਿੰਦਾ ਗੋਲੀਆਂ ਸਨ। ਕੁਝ ਮੈਗਜ਼ੀਨ ਵੀ ਮਿਲੇ। ਇਨ੍ਹਾਂ ਨੂੰ ਪਾਲੀਥੀਨ ਵਿਚ ਲਪੇਟਿਆ ਹੋਇਆ ਸੀ। ਦੂਜੇ ਪੈਕਟ ਵਿਚ ਇਕ ਪਿਸਤੌਲ ਸੀ। ਨਾਲ ਹੀ 2 ਮੈਗਜ਼ੀਨ ਅਤੇ ਪਿਸਤੌਲ ਦੀਆਂ 30 ਜ਼ਿੰਦਾ ਗੋਲੀਆਂ ਵੀ ਸਨ। 15 ਚਿੱਟੇ ਬਕਸੇ ਵੀ ਮਿਲੇ ਜਿਨ੍ਹਾਂ ਵਿਚ ਆਈ. ਈ. ਡੀ. (ਬਾਰੂਦੀ ਸੁਰੰਗ) ਬਣਾਉਣ ਦਾ ਸਾਮਾਨ ਪਿਆ ਹੋਇਆ ਸੀ।
ਪੁਲਸ ਨੂੰ ਕੁਲ 6 ਪਿਸਤੌਲਾਂ, 12 ਮੈਗਜ਼ੀਨ, 179 ਜ਼ਿੰਦਾ ਕਾਰਤੂਸ, ਆਈ. ਈ. ਡੀ. ਬਣਾਉਣ ਵਾਲੀ ਸਮੱਗਰੀ ਦੇ 15 ਲੱਕੜੀ ਦੇ ਬਕਸੇ, ਪੈਕਿੰਗ ਸਮੱਗਰੀ ਅਤੇ ਤਾਰ ਆਦਿ ਬਰਾਮਦ ਕੀਤੀ। ਐੱਸ. ਐੱਸ. ਪੀ. ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਇਸ ਸਬੰਧੀ ਪੁਲਸ ਸਟੇਸ਼ਨ ਰਾਮਗੜ੍ਹ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ।