ਪਟਿਆਲਾ : ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਪੰਜਾਬੀ ਯੂਨੀਵਰਸਿਟੀ ਵੱਲੋਂ ਆਪਣੇ ਕਈ ਕੋਰਸਾਂ ਨੂੰ ਆਰਜ਼ੀ ਤੌਰ ‘ਤੇ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਯੂਨੀਵਰਸਿਟੀ ਵੱਲੋਂ ਆਪਣੇ ਤਿੰਨ ਕੈਂਪਸ ‘ਚ ਸਵੈ-ਵਿੱਤ ਸਹਾਇਤਾ ਲਈ 6 ਕੋਰਸ ਸ਼ੁਰੂ ਕੀਤੇ ਜਾਣਗੇ। ਇਸ ਦੇ ਨਾਲ ਹੀ ਯੂਨੀਵਰਸਿਟੀ ਵੱਲੋਂ ਪਿਛਲੇ ਸਾਲ ਸ਼ੁਰੂ ਕੀਤੇ ਗਏ ਕਈ ਅਜਿਹੇ ਕੋਰਸਾਂ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ, ਜਿਹੜੇ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ‘ਚ ਅਸਫਲ ਰਹੇ ਸਨ।
ਸਿਟੀ ਵੱਲੋਂ ਇਹ ਫ਼ੈਸਲਾ ਯੋਜਨਾਬੰਦੀ ਤੇ ਨਿਗਰਾਨੀ ਬੋਰਡ ਦੀ ਵੀਰਵਾਰ ਨੂੰ ਹੋਈ ਮੀਟਿੰਗ ਦੌਰਾਨ ਲਿਆ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਵੱਲੋਂ 16 ਅਜਿਹੇ ਕੋਰਸਾਂ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ, ਜਿਨ੍ਹਾਂ ਦਾ ਦਾਖ਼ਲਾ ਪਿਛਲੇ 5 ਸਾਲਾਂ ‘ਚ 95 ਫ਼ੀਸਦੀ ਤੋਂ ਘੱਟ ਰਿਹਾ ਹੈ। ਇਨ੍ਹਾਂ ਕੋਰਸਾਂ ‘ਚ ਬੀ. ਕਾਮ, ਬੀ. ਬੀ. ਏ., ਬੀ. ਸੀ. ਏ., ਐਮ. ਟੈੱਕ, ਐਮ. ਸੀ. ਏ., ਅਤੇ ਵੱਖ-ਵੱਖ ਡਿਪਲੋਮਾ ਅਤੇ ਸਰਟੀਫਿਕੇਟ ਕੋਰਸ ਸ਼ਾਮਲ ਹਨ।
ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਵਿੱਦਿਅਕ ਸੈਸ਼ਨ 2020-21 ਦੌਰਾਨ ਯੂਨੀਵਰਿਸਟੀ ਨੇ ਬਹੁਤ ਸਾਰੇ ਕੋਰਸ ਸ਼ੁਰੂ ਕੀਤੇ ਸਨ ਪਰ ਇਨ੍ਹਾਂ ਦੇ ਦਾਖ਼ਲਿਆਂ ਦੀ ਗਿਣਤੀ ਘੱਟ ਹੋਣ ਕਾਰਨ ਇਨ੍ਹਾਂ ਨੂੰ ਬੰਦ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਬੋਰਡ ਦੀ ਕੋਈ ਬੈਠਕ ਨਹੀਂ ਹੋਈ ਸੀ ਅਤੇ ਇਸ ਮਾਮਲੇ ਸਬੰਧੀ ਫ਼ੈਸਲਾ ਲੰਬੇ ਸਮੇਂ ਤੋਂ ਵਿਚਾਰ ਅਧੀਨ ਸੀ। ਹੁਣ ਯੂਨੀਵਰਸਿਟੀ ਵੱਲੋਂ ਆਪਣੇ ਤਿੰਨ ਕੈਂਪਸਾਂ ‘ਚ 6 ਨਵੇਂ ਸਵੈ-ਵਿੱਤੀ ਸਹਾਇਤਾ ਕੋਰਸਾਂ ਦੀ ਸ਼ੁਰੂਆਤ ਕੀਤੀ ਜਾਵੇਗੀ, ਜਿਨ੍ਹਾਂ ‘ਚ ਬੀ. ਏ.-ਸੋਸ਼ਲ ਸਾਇੰਸ (ਆਨਰਜ਼) ਬੀ. ਐੱਡ. ਅਤੇ ਐਮ. ਏ. ਇੰਗਲਿਸ਼ ਸ਼ਾਮਲ ਹਨ। ਯੂਨੀਵਰਸਿਟੀ ਵੱਲੋਂ ਕੋਰਸਾਂ ‘ਚ ਸੀਟਾਂ ਦੀ ਗਿਣਤੀ ਵੀ 10 ਫ਼ੀਸਦੀ ਵਧਾਈ ਜਾਵੇਗੀ।
ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਅਜਿਹਾ ਯੂ. ਜੀ. ਸੀ. ਅਤੇ ਆਲ ਇੰਡੀਆ ਟਕੈਨੀਕਲ ਐਜੂਕੇਸ਼ਨ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਕੀਤਾ ਜਾਵੇਗਾ। ਯੂਨੀਵਰਸਿਟੀ ਵੱਲੋਂ ਬਠਿੰਡਾ ਕੈਂਪਸ ਵਿਖੇ ਸਕੂਲ ਆਫ਼ ਬਿਜ਼ਨੈੱਸ ਸਟੱਡੀਜ਼ ‘ਚ ਚਲਾਏ ਜਾ ਰਹੇ ਐਮ. ਬੀ. ਏ. ਕੋਰਸ ਨੂੰ ਵੀ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਇਸ ਬਾਰੇ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਰਵਨੀਤ ਕੌਰ ਨੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕੀਤਾ।