ਨਵੀਂ ਦਿੱਲੀ- ਦੇਸ਼ ‘ਚ ਪਿਛਲੇ 10 ਦਿਨਾਂ ‘ਚ 2 ਵਾਰ ਐੱਲ.ਪੀ.ਜੀ. ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵਾਧਾ ਦੇਖਿਆ ਗਿਆ ਹੈ। ਇਸ ਮਹੀਨੇ ਯਾਨੀ ਫਰਵਰੀ ‘ਚ ਹੁਣ ਤੱਕ ਰਸੋਈ ਗੈਸ 75 ਰੁਪਏ ਮਹਿੰਗੀ ਹੋ ਚੁਕੀ ਹੈ। ਐਤਵਾਰ ਰਾਤ ਐੱਲ.ਪੀ.ਜੀ. ਗੈਸ ਸਿਲੰਡਰ ਦੀ ਕੀਮਤ ‘ਚ 50 ਰੁਪਏ ਦਾ ਉਛਾਲ ਆਇਆ ਸੀ। ਇਸ ਤੋਂ ਪਹਿਲਾਂ ਘਰੇਲੂ ਗੈਸ 4 ਫਰਵਰੀ ਨੂੰ 25 ਰੁਪਏ ਮਹਿੰਗੀ ਹੋਈ ਸੀ। ਘਰੇਲੂ ਗੈਸ ਦੀਆਂ ਕੀਮਤਾਂ ‘ਚ ਤੇਜ਼ੀ ਨੂੰ ਲੈ ਕੇ ਕਾਂਗਰਸ ਨੇ ਮੋਦੀ ਸਰਕਾਰ ‘ਤੇ ਹਮਲਾ ਬੋਲਿਆ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਲਿਖਿਆ,”ਜਨਤਾ ਨਾਲ ਲੁੱਟ, ਸਿਰਫ਼ ‘ਦੋ’ ਦਾ ਵਿਕਾਸ।”
ਦੱਸਣਯੋਗ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਆਸਮਾਨ ਛੂੰਹਦੀਆਂ ਕੀਮਤਾਂ ਵਿਚਾਲੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਵੀ ਵਾਧਾ ਹੋਇਆ ਹੈ। ਰਸੋਈ ਗੈਸ ਸਿਲੰਡਰ ਸੋਮਵਾਰ ਤੋਂ 50 ਰੁਪਏ ਮਹਿੰਗਾ ਮਿਲੇਗਾ। ਕੀਮਤ ‘ਚ ਵਾਧਾ ਹੋਣ ਤੋਂ ਬਾਅਦ ਹੁਣ ਦਿੱਲੀ ਦੇ ਲੋਕਾਂ ਦੇ 14.2 ਕਿਲੋ ਵਾਲੇ ਰਸੋਈ ਗੈਸ ਸਿਲੰਡਰ ਲਈ 769 ਰੁਪਏ ਅਦਾ ਕਰਨੇ ਹੋਣਗੇ।
ਉੱਥੇ ਹੀ ਇਸ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਸਰਕਾਰ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਉਹ 40 ਫੀਸਦੀ ਜਨਤਾ ਦੇ ਵਪਾਰ (ਖੇਤੀ) ਨੂੰ ਆਪਣੇ 2 ਦੋਸਤਾਂ ਦੇ ਹਵਾਲੇ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ ਕਿ ਹਿੰਦੁਸਤਾਨ ਦਾ ਸਭ ਤੋਂ ਵੱਡਾ ਵਪਾਰ ਖੇਤੀ ਦਾ ਹੈ। 40 ਲੱਖ ਕਰੋੜ ਰੁਪਏ ਦਾ ਵਪਾਰ ਹੈ। ਦੁਨੀਆ ਦਾ ਸਭ ਤੋਂ ਵੱਡਾ ਵਪਾਰ ਹੈ ਅਤੇ ਇਹ ਕਿਸੇ ਇਕ ਵਿਅਕਤੀ ਦਾ ਵਪਾਰ ਨਹੀਂ ਹੈ।