ਨਵੀਂ ਦਿੱਲੀ- ਦੇਸ਼ ਭਰ ‘ਚ ਕੋਰੋਨਾ ਵਾਇਰਸ ਵਿਰੁੱਧ ਬੀਤੇ 16 ਜਨਵਰੀ ਤੋਂ ਟੀਕਾਕਰਣ ਮੁਹਿੰਮ ਜਾਰੀ ਹੈ। ਇਸ ਵਿਚ ਖ਼ਬਰ ਹੈ ਕਿ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਕੋਰੋਨਾ ਦੀ ਲਪੇਟ ‘ਚ ਆ ਗਏ ਹਨ। ਦੱਸਣਯੋਗ ਹੈ ਕਿ ਐਤਵਾਰ ਨੂੰ ਇਕ ਰੈਲੀ ਨੂੰ ਸੰਬੋਧਨ ਕਰਦੇ ਸਮੇਂ ਮੁੱਖ ਮੰਤਰੀ ਰੂਪਾਨੀ ਮੰਚ ‘ਤੇ ਬੇਹੋਸ਼ ਹੋ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਸੋਮਵਾਰ ਨੂੰ ਜਾਂਚ ਦੌਰਾਨ ਉਹ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਫਿਲਹਾਲ ਉਹ ਹਸਪਤਾਲ ‘ਚ ਹੀ ਦਾਖ਼ਲ ਹਨ।
ਇਸ ਤੋਂ ਪਹਿਲਾਂ ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਦੀਆਂ ਸਾਰੀਆਂ ਰਿਪੋਰਟਾਂ ਨਾਰਮਲ ਆਈਆਂ ਹਨ ਪਰ 24 ਘੰਟਿਆਂ ਤੱਕ ਉਨ੍ਹਾਂ ਨੂੰ ਹਸਪਤਾਲ ‘ਚ ਡਾਕਟਰਾਂ ਦੀ ਨਿਗਰਾਨੀ ‘ਚ ਰੱਖਿਆ ਜਾਵੇਗਾ। ਰੂਪਾਨੀ ਐਤਵਾਰ ਨੂੰ ਵਡੋਦਰਾ ਦੇ ਨਿਜਾਮਪੁਰਾ ਇਲਾਕੇ ‘ਚ ਆਉਣ ਵਾਲੀਆਂ ਬਾਡੀ ਚੋਣਾਂ ਲਈ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੰਚ ‘ਤੇ ਬੇਹੋਸ਼ ਹੋ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਹਿਮਦਾਬਾਦ ਲਿਜਾਇਆ ਗਿਆ ਅਤੇ ਉੱਥੇ ਇਕ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ। ਰੂਪਾਨੀ ‘ਯੂ.ਐੱਨ. ਮੇਹਤਾ ਹਸਪਤਾਲ’ ‘ਚ ਦਾਖ਼ਲ ਹਨ। ਹਸਪਤਾਲ ਦੇ ਡਾ. ਆਰ.ਕੇ. ਪਟੇਲ ਨੇ ਕਿਹਾ,”ਰੂਪਾਨੀ ਜੀ ਥਕਾਣ ਅਤੇ ਪਾਣੀ ਦੀ ਕਮੀ ਕਾਰਨ ਬੇਹੋਸ਼ ਹੋ ਗਏ। ਅਸੀਂ ਉਨ੍ਹਾਂ ਦੀ ਸਾਰੀ ਜਾਂਚ ਕੀਤੀ ਅਤੇ ਸਾਰੀਆਂ ਰਿਪੋਰਟ ਨਾਰਮਲ ਹਨ।”