ਮੁੰਬਈ – ਏਵੀਅਨ ਇਨਫਲੂਐਨਜ਼ਾ ਦੇ ਡਰ ਵਿਚਾਲੇ ਮਹਾਰਾਸ਼ਟਰ ਵਿੱਚ ਸ਼ੁੱਕਰਵਾਰ ਨੂੰ 151 ਪੰਛੀ ਮ੍ਰਿਤਕ ਮਿਲੇ ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਪਸ਼ੂ ਪਾਲਣ ਵਿਭਾਗ ਦੇ ਇੱਕ ਅਧਿਕਾਰੀ ਨੇ ਸ਼ਨੀਵਾਰ ਨੂੰ ਕਿਹਾ ਕਿ ਮ੍ਰਿਤਕ ਪੰਛੀਆਂ ਵਿੱਚ ਬੁਲਢਾਣਾ, ਅਮਰਾਵਤੀ ਅਤੇ ਜਲਗਾਓ ਤੋਂ 134 ਪੋਲਟਰੀ ਪੰਛੀ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਭੋਪਾਲ ਸਥਿਤ ਰਾਸ਼ਟਰੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾਨ ਅਤੇ ਪੁਣੇ ਸਥਿਤ ਰੋਗ ਜਾਂਚ ਕੇਂਦਰ ਵਿੱਚ ਨਮੂਨਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਇੱਕ ਲੱਖ ਪੰਛੀਆਂ ਨੂੰ ਮਾਰਨ ਦੀ ਤਿਆਰੀ ਕਰ ਲਈ ਗਈ
ਕੋਰੋਨਾ ਵਾਇਰਸ ਵਿਚਾਲੇ ਦੇਸ਼ ਵਿੱਚ ਬਰਡ ਫਲੂ ਦਾ ਖ਼ਤਰਾ ਵੀ ਬਣਿਆ ਹੋਇਆ ਹੈ। ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਮਹਾਰਾਸ਼ਟਰ ਦੇ ਨੰਦੁਰਬਾਰ ਜ਼ਿਲ੍ਹੇ ਦੇ ਨਵਾਪੁਰ ਵਿੱਚ 12 ਹੋਰ ਪੋਲਟਰੀ ਫ਼ਾਰਮਾਂ ਵਿੱਚ ਬਰਡ ਫਲੂ ਤੋਂ ਪੰਛੀਆਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਤਕਰੀਬਨ ਇੱਕ ਲੱਖ ਪੰਛੀਆਂ ਨੂੰ ਮਾਰਨ ਦੀ ਤਿਆਰੀ ਕਰ ਲਈ ਗਈ ਹੈ।
ਪੋਲਟਰੀ ਉਦਯੋਗ ਨੂੰ ‘ਕਾਫ਼ੀ ਨੁਕਸਾਨ’
ਸ਼ੁੱਕਰਵਾਰ ਨੂੰ ਰਾਜ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ ਸੰਜੀਵ ਕੁਮਾਰ ਬਾਲਿਆਨ ਨੇ ਦੱਸਿਆ ਸੀ ਕਿ ਬਰਡ ਫਲੂ (ਏਵੀਅਨ ਇਨਫਲੂਐਨਜ਼ਾ) ਦੇ ਹਾਲਿਆ ਕਹਿਰ ਦੌਰਾਨ ਦੇਸ਼ ਵਿੱਚ ਲੱਗਭੱਗ 4.5 ਲੱਖ ਪੰਛੀਆਂ ਨੂੰ ਮਾਰਿਆ ਗਿਆ ਅਤੇ ਇਸ ਨਾਲ ਪੋਲਟਰੀ ਉਦਯੋਗ ਨੂੰ ‘ਕਾਫ਼ੀ ਨੁਕਸਾਨ’ ਹੋਇਆ ਅਤੇ ਪੋਲਟਰੀ ਉਤਪਾਦਾਂ ਦੇ ਉਪਭੋਗ ਵਿੱਚ ਕਮੀ ਆਈ।