ਲਾਲ ਕਿਲਾ ਹਿੰਸਾ ਦਾ ਮਾਸਟਰਮਾਈਂਡ ਕੋਈ ਹੋਰ…? ਅਭਿਨੇਤਾ ਦੀਪ ਸਿੱਧੂ ਤੇ ਇਕਬਾਲ ਸਨ ਸਿਰਫ ਮੋਹਰਾ

ਨਵੀਂ ਦਿੱਲੀ : ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟ੍ਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿਚ ਭੀੜ ਨੂੰ ਭੜਕਾਉਣ ਵਾਲੇ ਮੁੱਖ ਮੁਲਜ਼ਮਾਂ ਵਿਚ ਸ਼ਾਮਲ ਦੀਪ ਸਿੱਧੂ ਤੇ ਇਕਬਾਲ ਸਿੰਘ ਤੋਂ ਡੀ. ਸੀ. ਪੀ. ਦੀ ਅਗਵਾਈ ਹੇਠ ਜਾਂਚ ਅਧਿਕਾਰੀਆਂ ਨੇ 15 ਸਵਾਲਾਂ ਦੀ ਲਿਸਟ ਬਣਾ ਕੇ ਕ੍ਰਾਈਮ ਬ੍ਰਾਂਚ ਦੇ ਆਫਿਸ ਵਿਚ ਸ਼ੁੱਕਰਵਾਰ ਨੂੰ ਲਗਭਗ 4 ਘੰਟੇ ਤਕ ਪੁੱਛਗਿੱਛ ਕੀਤੀ, ਜਿਸ ਵਿਚ ਦੋਵਾਂ ਮੁਲਜ਼ਮਾਂ ਦਾ ਇਕੋ ਜਵਾਬ ਸੀ ਕਿ ਉਨ੍ਹਾਂ ਦਾ ਕੋਈ ਮਾੜਾ ਇਰਾਦਾ ਨਹੀਂ ਸੀ ਅਤੇ ਜਿਵੇਂ ਸਾਰੇ ਉੱਥੇ ਜਾ ਰਹੇ ਸਨ, ਉਹ ਵੀ ਚਲੇ ਗਏ ਸਨ। ਉੱਥੇ ਹੀ ਕ੍ਰਾਈਮ ਬ੍ਰਾਂਚ ਨੇ ਕਈ ਡਿਜੀਟਲ ਸਬੂਤ ਇਕੱਠੇ ਕੀਤੇ ਹਨ। ਪੁਲਸ ਦੀਪ ਸਿੱਧੂ ਦੇ ਦੋਵਾਂ ਮੋਬਾਇਲ ਫੋਨਾਂ ਦਾ ਕਾਲ ਡਿਟੇਲ ਰਿਕਾਰਡ ਅਤੇ ਇਨ੍ਹਾਂ ਦੀ ਲੋਕੇਸ਼ਨ ਦੇ ਆਧਾਰ ’ਤੇ ਪੁੱਛਗਿੱਛ ਕਰ ਕੇ ਉਸ ਦੇ ਨੈੱਟਵਰਕ ਨੂੰ ਫਰੋਲ ਰਹੀ ਹੈ। ਮੁੱਢਲੀ ਤਫਤੀਸ਼ ’ਚ ਸਪਸ਼ਟ ਹੋਇਆ ਹੈ ਕਿ ਹਿੰਸਾ ਦੇ ਮਾਸਟਰਮਾਈਂਡ ਕੋਈ ਹੋਰ ਹੀ ਹਨ, ਦੀਪ ਸਿੱਧੂ ਤੇ ਇਕਬਾਲ ਸਿੰਘ ਤਾਂ ਸਿਰਫ ਮੋਹਰਾ ਸਨ।
ਇਹ ਸੀ ਮੋਬਾਇਲ ਦੀ ਲੋਕੇਸ਼ਨ…
ਦੀਪ ਸਿੱਧੂ ਨੇ ਹਿੰਸਾ ਵੇਲੇ ਅਤੇ ਝੰਡਾ ਲਹਿਰਾਉਣ ਵੇਲੇ ਲਾਲ ਕਿਲੇ ਦੇ ਉੱਪਰ ਮੌਜੂਦ ਹੋਣ ਦੀ ਗੱਲ ਮੰਨੀ ਹੈ, ਜਦੋਂਕਿ ਪਹਿਲਾਂ ਤੋਂ ਹੀ ਇਸ ਗੱਲ ਦੇ ਸਬੂਤ ਤੇ ਵੀਡੀਓ ਮੌਜੂਦ ਹਨ। ਝੰਡਾ ਲਹਿਰਾਉਣ ਵੇਲੇ ਉਸ ਨੇ ਫੇਸਬੁੱਕ ਲਾਈਵ ਵੀ ਕੀਤਾ ਸੀ। ਇਸ ਬਾਰੇ ਦੀਪ ਸਿੱਧੂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ’ਤੇ ਫੈਨ ਫਾਲੋਇੰਗ ਵਧਾਉਣ ਕਾਰਣ ਉਸ ਕੋਲੋਂ ਇਹ ਗਲਤੀ ਹੋ ਗਈ। ਹਿੰਸਾ ਬਾਰੇ ਦੀਪ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਸੀ ਕਿ ਗੱਲ ਇੰਨੀ ਵਿਗੜ ਜਾਵੇਗੀ। ਉਹ ਲਾਲ ਕਿਲੇ ’ਤੇ ਲੋਕਾਂ ਦਾ ਭੜਕਾਊ ਤੇ ਹਿੰਸਕ ਰੂਪ ਦੇਖ ਕੇ ਬਹੁਤ ਘਬਰਾ ਗਿਆ ਸੀ। ਹਿੰਸਾ ਵਧਦੀ ਦੇਖ ਕੇ ਉਹ ਲਾਲ ਕਿਲੇ ਤੋਂ ਚਲਾ ਗਿਆ ਸੀ ਕਿਉਂਕਿ ਲੋਕ ਉਸ ਦੀ ਗੱਲ ਵੀ ਨਹੀਂ ਮੰਨ ਰਹੇ ਸਨ। ਹੁਣ ਤਕ ਦੀ ਜਾਂਚ ਵਿਚ ਦੀਪ ਦੀ ਮੋਬਾਇਲ ਲੋਕੇਸ਼ਨ ਰਾਜਘਾਟ ਤੋਂ ਲਾਲ ਕਿਲੇ ਦੇ ਵਿਚਕਾਰ ਦੀ ਮਿਲੀ ਹੈ। ਦੂਜੀ ਲੋਕੇਸ਼ਨ ਕੁੰਡਲੀ-ਸਿੰਘੂ ਬਾਰਡਰ ਅਤੇ ਤੀਜੀ ਹਰਿਆਣਾ ਦੇ ਸ਼ਾਹਾਬਾਦ-ਕੁਰੂਕਸ਼ੇਤਰ ਇਲਾਕੇ ਦੀ ਮਿਲੀ, ਫਿਰ ਉਸ ਦਾ ਫੋਨ ਬੰਦ ਹੋ ਗਿਆ ਸੀ।
ਦੀਪ 2 ਮੋਬਾਇਲ ਨੰਬਰਾਂ ਦੀ ਵਰਤੋਂ ਕਰ ਰਿਹਾ ਸੀ
ਪੁਲਸ ਸੂਤਰਾਂ ਅਨੁਸਾਰ ਦੀਪ ਸਿੱਧੂ ਤੇ ਇਕਬਾਲ ਸਿੰਘ ਵਲੋਂ ਬਣਾਏ ਗਏ ਵੀਡੀਓ ਤੇ ਮੋਬਾਇਲ ਦੀ ਲੋਕੇਸ਼ਨ ਰਾਹੀਂ ਕਈ ਅਹਿਮ ਸਬੂਤ ਇਕੱਠੇ ਕੀਤੇ ਗਏ ਹਨ। ਅਸਲ ਵਿਚ 26 ਤੇ 27 ਜਨਵਰੀ ਤਕ ਦੀਪ 2 ਮੋਬਾਇਲ ਨੰਬਰਾਂ ਦੀ ਵਰਤੋਂ ਕਰ ਰਿਹਾ ਸੀ। ਪੁਲਸ ਉਸ ਦੇ ਫੋਨ ਦੀ 26 ਜਨਵਰੀ ਦੀ ਸੀ. ਡੀ. ਆਰ. ਦੇ ਆਧਾਰ ’ਤੇ ਹਿੰਸਾ ਵਿਚ ਉਸ ਦੀ ਮੌਜੂਦਗੀ ਸਾਬਤ ਕਰਨ ’ਚ ਲੱਗੀ ਹੋਈ ਹੈ। ਇਸ ਤੋਂ ਇਲਾਵਾ ਨੈੱਟਫਲਿਕਸ ਦੇ ਰੀਚਾਰਜ ਤੋਂ ਪੁਲਸ ਨੂੰ ਪਹਿਲਾ ਸੁਰਾਗ ਮਿਲਆ ਸੀ। 27 ਜਨਵਰੀ ਨੂੰ ਇਸ ਨੰਬਰ ਦੀ ਲੋਕਸ਼ਨ ਪੰਜਾਬ ਦੇ ਪਟਿਆਲਾ ਤੋਂ ਮਿਲੀ ਸੀ। ਇਸ ਤੋਂ ਬਾਅਦ ਇਹ ਨੰਬਰ ਬੰਦ ਹੋ ਗਿਆ ਸੀ। ਤਕਨੀਕੀ ਆਧਾਰ ’ਤੇ ਹਿੰਸਾ ਵਾਲੇ ਦਿਨ ਉਸ ਦੇ ਰੂਟ ਤੇ ਮੌਜੂਦਗੀ ਦਾ ਪੂਰਾ ਰਿਕਾਰਡ ਫਰੋਲਿਆ ਗਿਆ, ਜਿਸ ਦੇ ਆਧਾਰ ’ਤੇ ਉਸ ਦਿਨ ਉਸ ਦੇ ਵੱਖ-ਵੱਖ ਥਾਵਾਂ ’ਤੇ ਮੌਜੂਦ ਹੋਣ ਦਾ ਪਤਾ ਲੱਗਾ ਸੀ।