ਨਵੀਂ ਦਿੱਲੀ: ਸਮਾਜਿਕ ਅਤੇ ਰਾਜਨੀਤਿਕ ਮੁੱਦਿਆਂ ’ਤੇ ਬੇਬਾਕੀ ਨਾਲ ਆਪਣੀ ਪ੍ਰਤੀਕਿਰਿਆ ਰੱਖਣ ਵਾਲੀ ਅਦਾਕਾਰਾ ਕੰਗਨਾ ਰਣੌਤ ਨੇ ਇਕ ਵਾਰ ਫਿਰ ਦਿੱਲੀ ’ਚ ਬਜਰੰਗ ਦਲ ਦੇ ਕਾਰਜਕਰਤਾ ਰਿੰਕੂ ਸ਼ਰਮਾ ਦੀ ਹੱਤਿਆ ’ਤੇ ਸਖ਼ਤ ਪ੍ਰਕਿਰਿਆ ਦਿੱਤੀ ਹੈ। ਦੱਸ ਦੇਈਏ ਕਿ ਉਹ ਇਸ ਮਾਮਲੇ ਨੂੰ ਲੈ ਕੇ ਲਗਾਤਾਰ ਟਵੀਟ ਕਰ ਰਹੀ ਸੀ। ਹੁਣ ਹਾਲ ਹੀ ’ਚ ਕੰਗਨਾ ਨੇ ਦਿੱਲੀ ਦੇ ਮੁੱਖ ਮੰੰਤਰੀ ਅਰਵਿੰਦ ਕੇਜਰੀਵਾਲ ਨੂੰ ਲੰਮੇ ਹੱਥੀਂ ਲੈਂਦੇ ਹੋਏ ਟਵੀਟ ਕੀਤਾ ਹੈ।
ਅਰਵਿੰਦ ਕੇਜਰੀਵਾਲ ਨੂੰ ਕੀਤਾ ਅਦਾਕਾਰਾ ਕੰਗਨਾ ਨੇ ਟਵੀਟ
ਆਪਣੇ ਟਵੀਟ ’ਚ ਕੰਗਨਾ ਨੇ ਲਿਖਿਆ ਕਿ ਪਿਆਰੇ, ‘ਅਰਵਿੰਦ ਕੇਜਰੀਵਾਲ ਜੀ, ਮੈਨੂੰ ਉਮੀਦ ਹੈ ਕਿ ਤੁਸੀਂ ਰਿੰਕੂ ਸ਼ਰਮਾ ਦੇ ਪਰਿਵਾਰ ਨੂੰ ਮਿਲੋਗੇ ਅਤੇ ਉਨ੍ਹਾਂ ਨੂੰ ਸਪੋਰਟ ਵੀ ਕਰੋਗੇ, ਤੁਸੀਂ ਪਾਲੀਟੀਸ਼ੀਅਨ ਹੋ, ਉਮੀਦ ਹੈ ਕਿ ਤੁਸੀਂ ਸਟੇਟਮੈਨ ਵੀ ਬਣੋ’।
ਰਿੰਕੂ ਸ਼ਰਮਾ ਦੇ ਕਤਲ ਨੂੰ ਲੈ ਕੇ ਕੰਗਨਾ ਪਹਿਲਾਂ ਵੀ ਕਰ ਚੁੱਕੀ ਹੈ ਟਵੀਟ
ਜ਼ਿਕਰਯੋਗ ਹੈ ਕਿ ਕੰਗਨਾ ਰਣੌਤ ਨੇ ਇਸ ਤੋਂ ਪਹਿਲਾਂ ਵੀ ਟਵੀਟ ਕੀਤਾ ਸੀ। ਕੰਗਨਾ ਨੇ ਆਪਣੇ ਟਵੀਟ ’ਚ ਲਿਖਿਆ ਸੀ ਕਿ ਰਿੰਕੂ ਸ਼ਰਮਾ ਦੇ ਪਿਤਾ ਦੇ ਦਰਦ ਨੂੰ ਮਹਿਸੂਸ ਕਰੋ ਅਤੇ ਆਪਣੇ ਬੱਚਿਆਂ ਜਾਂ ਪਰਿਵਾਰ ਦੇ ਮੈਂਬਰਾਂ ਬਾਰੇ ਸੋਚੋ…ਕਿਸੇ ਦਿਨ ਕੋਈ ਹੋਰ ਹਿੰਦੂ ਜੈ ਸ਼੍ਰੀ ਰਾਮ ਕਹਿਣ ’ਤੇ ਸਮੂਹਿਕ ਤੌਰ ’ਤੇ ਮਾਰ ਦਿੱਤਾ ਜਾਵੇਗਾ। ਆਪਣੇ ਇਕ ਹੋਰ ਟਵੀਟ ’ਚ ਕੰਗਨਾ ਨੇ ਲਿਖਿਆ ‘ਮਾਫ਼ ਕਰਨਾ ਅਸੀਂ ਅਸਫ਼ਲ ਰਹੇ’।
ਦੱਸ ਦੇਈਏ ਕਿ ਬੁੱਧਵਾਰ ਰਾਤ ਨੂੰ ਦਿੱਲੀ ਦੇ ਮੰਗੋਲਪੁਰੀ ਇਲਾਕੇ ’ਚ ਬਜਰੰਗ ਦਲ ਦੇ ਕਾਰਜਕਰਤਾ ਰਿੰਕੂ ਸ਼ਰਮਾ ਦਾ ਦਰਜਨ ਤੋਂ ਵੱਧ ਲੋਕਾਂ ਨੇ ਕਤਲ ਕਰ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਦੋਸ਼ੀਆਂ ਨੇ ਉਸ ’ਤੇ ਹਮਲਾ ਕੀਤਾ ਸੀ ਤਾਂ ਉਹ ਜੈ ਸ਼੍ਰੀ ਰਾਮ ਦੇ ਨਾਅਰੇ ਲਗਾ ਰਿਹਾ ਸੀ। ਰਿੰਕੂ ਇਕ ਪ੍ਰਾਈਵੇਟ ਹਸਪਤਾਲ ’ਚ ਲੈਬ ਟੈਕਨੀਸ਼ੀਅਨ ਦਾ ਕੰਮ ਕਰਦਾ ਸੀ ਅਤੇ ਬੀ.ਜੇ.ਪੀ. ਨੌਜਵਾਨ ਮੋਰਚੇ ਦਾ ਮੈਂਬਰ ਵੀ ਸੀ।
ਕੇਜਰੀਵਾਲ ਸਰਕਾਰ ’ਤੇ ਬੀ.ਜੇ.ਪੀ. ਨੇ ਖੜ੍ਹੇ ਕੀਤੇ ਸਵਾਲ
ਉੱਧਰ ਬੀ.ਜੇ.ਪੀ. ਵੱਲੋਂ ਵੀ ਸਾਂਸਦ ਹੰਸਰਾਜ ਹੰਸ ਪੀੜਤ ਪਰਿਵਾਰ ਨੂੰ ਮਿਲਣ ਪਹੁੰਚੇ। ਦਿੱਲੀ ਬੀ.ਜੇ.ਪੀ. ਚੀਫ ਆਦੇਸ਼ ਗੁਪਤਾ ਨੇ ਵੀ ਮੁਲਾਕਾਤ ਕੀਤੀ। ਆਦੇਸ਼ ਗੁਪਤਾ ਨੇ ਕਿਹਾ ਕਿ ਦਿੱਲੀ ਦੀ ਜਨਤਾ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਹ ਪੁੱਛਣਾ ਚਾਹੁੰਦੀ ਹੈ ਕਿ ਉਹ ਰਿੰਕੂ ਸ਼ਰਮਾ ਦੀ ਹੱਤਿਆ ਤੋਂ ਬਾਅਦ ਚੁੱਪ ਕਿਉਂ ਹੈ। ਇਸ ਦੇ ਨਾਲ ਹੀ ਬੀ.ਜੇ.ਪੀ. ਨੇ ਪਰਿਵਾਰ ਨੂੰ 5 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਾ ਐਲਾਨ ਵੀ ਕੀਤਾ ਹੈ। ਇਸ ਦੌਰਾਨ ਮੰਗੋਲਪੁਰੀ ’ਚ ਦੋਸ਼ੀਆਂ ਦੇ ਰਿਸ਼ਤੇਦਾਰਾਂ ਦੇ ਘਰ ’ਚ ਭੰਨ੍ਹ-ਤੋੜ ਕੀਤੀ ਗਈ ਜਿਸ ਤੋਂ ਬਾਅਦ ਇਲਾਕੇ ’ਚ ਭਾਰੀ ਗਿਣਤੀ ’ਚ ਪੁਲਸ ਤਾਇਨਾਤ ਕੀਤੀ ਗਈ।