ਕਿਸਾਨ ਮਹਾਪੰਚਾਇਤ ’ਚ ਬੋਲੇ ਰਾਹੁਲ–ਮੋਦੀ ਨੇ ਨੋਟਬੰਦੀ ਨਾਲ ਦੇਸ਼ ਦੀ ਰੀੜ ਦੀ ਹੱਡੀ ਤੋੜੀ

ਪੀਲੀਬੰਗਾ – ਕਸਬੇ ਦੀ ਨਵੀਂ ਮੰਡੀ ਯਾਰਡ ਵਿਚ ਆਯੋਜਿਤ ਕਿਸਾਨ ਮਹਾਪੰਚਾਇਤ ਨੂੰ ਰਾਹੁਲ ਗਾਂਧੀ ਨੇ ਵੱਡੀ ਗਿਣਤੀ ਵਿਚ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਦੇਸ਼ ਦੇ ਸਿਰਫ 4 ਲੋਕ ਹੀ ਦੇਸ਼ ਦੀ ਸਰਕਾਰ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਨੋਟਬੰਦੀ ਨਾਲ ਹਿੰਦੁਸਤਾਨ ਦੀ ਰੀੜ ਦੀ ਹੱਡੀ ਨੂੰ ਤੋੜਣ ਦੀ ਕੋਸ਼ਿਸ਼ ਕੀਤੀ ਗਈ। ਜੀ. ਐੱਸ. ਟੀ. ਲਾਗੂ ਕਰ ਕੇ ਮੋਦੀ ਜੀ ਆਪਣੇ ਦੋਸਤਾਂ ਲਈ ਰਾਹ ਸਾਫ਼ ਕਰਨਾ ਚਾਹੁੰਦੇ ਹਨ। ਕੋਰੋਨਾ ਕਾਲ ਵਿਚ ਦੇਸ਼ ਦੇ ਗਰੀਬ ਮਜ਼ਦੂਰ ਭੁੱਖੇ ਮਰ ਗਏ। ਉਨ੍ਹਾਂ ਨੂੰ ਘਰ ਜਾਣ ਲਈ ਕੋਈ ਮਦਦ ਨਹੀਂ ਦਿੱਤੀ ਗਈ। ਜ਼ਰੂਰੀ ਵਸਤੂ ਐਕਟ ਖਤਮ ਕਰ ਕੇ ਜਮ੍ਹਾਖੋਰੀ ਨੂੰ ਉਤਸ਼ਾਹ ਦਿੰਦੇ ਹੋਏ ਮੋਦੀ ਕਿਸਾਨ ਦੇ ਹੱਥੋਂ ਨਿਆਂ ਖੋਹਣ ਦੀ ਸਾਜ਼ਿਸ਼ ਕਰ ਰਹੇ ਹਨ ਜਿਸ ਨੂੰ ਕਾਂਗਰਸ ਕਦੇ ਸਫ਼ਲ ਨਹੀਂ ਹੋਣ ਦੇਵੇਗੀ।
ਭਾਜਪਾ ਦਾ ਰਾਹੁਲ ’ਤੇ ਪਲਟਵਾਰ, ਕਿਹਾ–ਕਾਂਗਰਸ ਨੇਤਾ ਝੂਠ ਬੋਲ ਰਹੇ
ਰਾਹੁਲ ਗਾਂਧੀ ’ਤੇ ਭਾਜਪਾ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਕਾਂਗਰਸ ਨੇਤਾ ਝੂਠ ਬੋਲ ਰਹੇ ਹਨ ਅਤੇ ਦੇਸ਼ ਦੀਆਂ ਸੁਰੱਖਿਆ ਫੋਰਸਾਂ ਦਾ ਅਪਮਾਨ ਕਰ ਰਹੇ ਹਨ। ਕੇਂਦਰੀ ਮੰਤਰੀ ਤੇ ਭਾਜਪਾ ਨੇਤਾ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਚੀਨ ਨੂੰ 43000 ਵਰਗ ਕਿਲੋਮੀਟਰ ਜ਼ਮੀਨ ਦੇਣ ਲਈ ਦੇਸ਼ ਗਾਂਧੀ ਪਰਿਵਾਰ ਨੂੰ ਕਦੇ ਮੁਆਫ਼ ਨਹੀਂ ਕਰੇਗਾ। ਭਾਜਪਾ ਜਨਰਲ ਸਕੱਤਰ ਸੀ. ਟੀ. ਰਵੀ ਨੇ ਟਵੀਟ ਕੀਤਾ,”ਮੈਨੂੰ ਖੁਸ਼ੀ ਹੈ ਕਿ ਕਾਂਗਰਸ ਨੇ ਅਖੀਰ ਇਹ ਅਹਿਸਾਸ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਨਹਿਰੂ ਨੇ ਚੀਨ ਨੂੰ 38000 ਵਰਗ ਕਿਲੋਮੀਟਰ ਜ਼ਮੀਨ ਤੋਹਫ਼ੇ ਵਿਚ ਦੇਣ ਦੀ ਮਹਾਭੁੱਲ ਕੀਤੀ। ਕੀ ਉਹ ਆਪਣੇ ਸਹਿ-ਸਵਾਮੀ, ਕਾਇਰ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਮੋਦੀ ਖਿਲਾਫ਼ ਬੇਬੁਨਿਆਦ ਦੋਸ਼ ਲਾਉਣ ਲਈ ਸਵਾਲ ਕਰੇਗੀ।”