‘ਲੰਬੀ ਲੜਾਈ’ ਲਈ ਤਿਆਰ ਕਿਸਾਨ, ਪ੍ਰਦਰਸ਼ਨ ਵਾਲੀ ਜਗ੍ਹਾ ’ਤੇ ਬੁਨਿਆਦੀ ਢਾਂਚਾ ਕਰ ਰਹੇ ਮਜ਼ਬੂਤ

ਨਵੀਂ ਦਿੱਲੀ ਕੇਂਦਰ ਦੇ ਨਵੇਂ 3 ਖੇਤੀ ਕਾਨੂੰਨਾਂ ਵਿਰੁੱਧ ਜਾਰੀ ਅੰਦੋਲਨ ਦੇ ਜਲਦ ਖਤਮ ਨਾ ਹੋਣ ਦੀ ਸੰਭਾਵਨਾ ਦੌਰਾਨ ਦਿੱਲੀ ਨਾਲ ਲੱਗਦੇ ਸਿੰਘੂ ਬਾਰਡਰ ’ਤੇ ਕਿਸਾਨਾਂ ਨੇ ‘ਲੰਬੀ ਲੜਾਈ’ ਦੀ ਤਿਆਰੀ ਕਰ ਲਈ ਹੈ। ਕਿਸਾਨਾਂ ਨੇ ਪ੍ਰਦਰਸ਼ਨ ਵਾਲੀ ਜਗ੍ਹਾ ’ਤੇ ਬੁਨਿਆਦੀ ਢਾਂਚਾ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਹੈ। ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ 3 ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਉਨ੍ਹਾਂ ਦੀਆਂ ਫਸਲਾਂ ’ਤੇ ਘੱਟ ਤੋਂ ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਦੇਣ ਤੱਕ ਅੰਦੋਲਨ ਜਾਰੀ ਰੱਖਣ ਦੀ ਗੱਲ ਦੁਹਰਾਈ ਹੈ। ਸਿੰਘੂ ਬਾਰਡਰ ’ਤੇ ਪ੍ਰਦਰਸ਼ਨ ਸਥਾਨ ’ਤੇ ਸਾਜੋ-ਸਾਮਾਨ ਦਾ ਪ੍ਰਬੰਧਨ ਦੇਖਣ ਵਾਲੀ ਦੀਪ ਖੱਤਰੀ ਨੇ ਕਿਹਾ, ‘ਅਸੀਂ ਲੰਬੇ ਸਮੇਂ ਤੱਕ ਪ੍ਰਦਰਸ਼ਨ ਕਰਨ ਲਈ ਆਪਣੀ ਸੰਚਾਰ-ਵਿਵਸਥਾ ਅਤੇ ਬੁਨਿਆਦੀ ਢਾਂਚਾ ਮਜ਼ਬੂਤ ਕਰ ਰਹੇ ਹਾਂ।’
ਮੋਰਚੇ ਦੇ ਮੁਖ ਮੰਚ ਦੇ ਕੋਲ ਅਤੇ ਜੀ. ਟੀ. ਰੋਡ ਕਰਨਾਲ ’ਤੇ ਪ੍ਰਦਰਸ਼ਨ ਦੇ ਆਸ-ਪਾਸ ਸੁਰੱਖਿਆ ਵਧਾਉਣ ਅਤੇ ਸਮਾਜ ਵਿਰੋਧੀ ਅਨਸਰਾਂ ’ਤੇ ਨਜ਼ਰ ਰੱਖਣ ਲਈ 100 ਸੀ. ਸੀ. ਟੀ. ਵੀ. ਕੈਮਰੇ ਲਗਾ ਰਹੈ ਹਾਂ। ਖੱਤਰੀ ਨੇ ਕਿਹਾ, ‘ਅਸੀਂ ਕੈਮਰਿਆਂ ਦੀਆਂ ਫੁਟੇਜ ਦੇਖਣ ਅਤੇ ਇੱਥੇ ਹੋਣ ਵਾਲੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਮੁੱਖ ਮੰਚ ਦੇ ਪਿੱਛੇ ਇਕ ਕੰਟਰੋਲ ਰੂਮ ਵੀ ਤਿਅਾਰ ਕਰ ਰਹੇ ਹਾਂ ਕਿਉਂਕਿ ਹਰ ਦਿਨ ਇੱਥੇ ਬਹੁਤ ਸਾਰੇ ਲੋਕ ਆਉਂਦੇ-ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪ੍ਰਦਰਸ਼ਨ ਵਾਲੀ ਜਗ੍ਹਾ ਦੇ ਆਸ-ਪਾਸ ਗਸ਼ਤ ਲਗਾਉਣ, ਆਵਾਜਾਈ ਕੰਟਰੋਲ ਕਰਨ ਅਤੇ ਰਾਤ ਦੇ ਪਹਿਰੇ ਦੇਣ ਲਈ 600 ਸਵੈਮ ਸੇਵਕਾਂ ਦਾ ਇਕ ਦਲ ਗਠਿਤ ਕੀਤਾ ਗਿਆ ਹੈ। ਇਨ੍ਹਾਂ ਸਵੈਮ ਸੇਵਕਾਂ ਨੂੰ ਆਸਾਨੀ ਨਾਲ ਪਹਿਚਾਣ ਵਿਚ ਆਉਣ ਵਾਲੀ ਹਰੇ ਰੰਗ ਦੀ ਜੈਕੇਟ ਅਤੇ ਪਛਾਣ ਪੱਤਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ 700-800 ਮੀਟਰ ਦੀ ਦੂਰੀ ’ਤੇ ਅਹਿਮ ਸਥਾਨਾਂ ’ਤੇ 10 ਐੱਲ. ਸੀ. ਡੀ. ਸਕ੍ਰੀਨਾਂ ਲਗਾਉਣ ਦਾ ਕੰਮ ਵੀ ਜਾਰੀ ਹੈ ਤਾਂ ਕਿ ਪ੍ਰਦਰਸ਼ਨ ਕਰ ਰਹੇ ਕਿਸਾਨ ਮੁਖ ਮੰਚ ’ਤੇ ਆਪਣੇ ਆਗੂਆਂ ਦੇ ਭਾਸ਼ਣਾਂ ਨੁੂੰ ਸੁਣ ਸਕਣ ਅਤੇ ਹੋਰ ਸਰਗਰਮੀਆਂ ਨੂੰ ਦੇਖ ਸਕਣ।
ਖੱਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਇੰਟਰਨੈਟ ਬੰਦ ਕਰਨ ਦੀ ਸਥਿਤੀ ਵਿਚ ਮੋਰਚਾ ਵੱਖ ‘ਆਪਟੀਕਲ ਫਾਈਬਰ ਲਾਈਨ’ ਦੀਆਂ ਸੇਵਾਵਾਂ ਲਵੇਗਾ ਤਾਂ ਕਿ ‘ਵਾਈਫਾਈ’ ਉਪਲੱਬਧ ਕਰਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਗਰਮੀ ਦਾ ਮੌਸਮ ਆਉਣ ਦੇ ਮੱਦੇਨਜ਼ਰ ਸੰਯੁਕਤ ਕਿਸਾਨ ਮੋਰਚਾ ਵੱਲੋਂ ਮੁੱਖ ਮੰਚ ਕੋਲ ‘ਇਲੈਕਟ੍ਰਿਕ ਫੈਨ’ ਅਤੇ ‘ਏਸੀ’ ਵੀ ਲਗਵਾਏ ਜਾ ਰਹੇ ਹਨ ਅਤੇ ਹੋਰ ਸੇਵਾਵਾਂ ਵੀ ਬਿਹਤਰ ਕੀਤੀਆਂ ਜਾ ਰਹੀਆਂ ਹਨ।
ਦਿੱਲੀ ਨਾਲ ਲੱਗੀ ਗਾਜੀਪੁਰ ਸਰਹੱਦ ’ਤੇ ਪ੍ਰਦਰਸ਼ਨ ਕਰ ਰਹੇ ਮੋਰਚਾ ਦੇ ਨੇਤਾ ਰਾਕੇਸ਼ ਟਿਕੈਤ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਕਿਸਾਨ ਅੰਦੋਲਨ ਲੰਬਾ ਚੱਲਣ ਵਾਲਾ ਹੈ ਅਤੇ ਆਉਣ ਵਾਲੇ ਦਿਨਾਂ ਵਿਚ ਇਹ ਦੇਸ਼ ਭਰ ਵਿਚ ਫੈਲੇਗਾ। ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਹਜ਼ਾਰਾਂ ਕਿਸਾਨ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ’ਤੇ ਬੀਤੇ ਸਾਲ ਨਵੰਬਰ ਮਹੀਨੇ ਤੋਂ ਡਟੇ ਹੋਏ ਹਨ। ਸਰਕਾਰ ਅਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਿਚਾਲੇ ਹੁਣ ਤੱਕ 11 ਦੌਰ ਦੀਆਂ ਬੈਠਕਾਂ ਬੇਨਤੀਜਾ ਰਹੀਆਂ ਹਨ। ਟਿਕੈਤ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਸਰਕਾਰ ਨੂੰ ਮੁੱਦੇ ਦਾ ਹੱਲ ਲੱਭਣ ਲਈ ਕਿਸਾਨ ਨੇਤਾਵਾਂ ਨਾਲ ਗੱਲ ਕਰਨੀ ਚਾਹੀਦੀ ਹੈ।